|
|
|
|
| ਅੰਤਰਰਾਸ਼ਟਰੀ ਖਬਰਾਂ |
|
ਮੁਸ਼ੱਰਫ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ
ਇਸਲਾਮਾਬਾਦ - ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਕਈ ਦਿਨਾਂ ਤੋਂ ਚਲ ਰਹੀ ਹਾਂ-ਨਾਂ ਤੋਂ ਬਾਅਦ ਕੋਈ ਰਾਹ ਨਾ ਦੇਖ ਦੇ ਹੋਏ ਅਵਾਮ ਦੇ ਨਾਂ ਸੁਨੇਹਾ ਦਿੱਤਾ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੁਸ਼ੱਰਫ ਵੱਲੋਂ ਦਿੱਤੇ ਅਸਤੀਫ਼ੇ ਦੀ ਖ਼ਬਰ ਸੁਣਦੇ ਹੀ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਰਕਾਰ ਨੇ ਵੀ ਤੱਤਕਾਲ ਪਾਕਿਸਤਾਨੀ ਸੀਨੇਟ ਦੇ ਮੁੱਖੀ ਮੁਹੰਮਦ ਮਿਆਂ ਸੂਮਰੂ ਦੇ ਕਾਰਜਵਾਹਕ ਰਾਸ਼ਟਰਪਤੀ ਹੋਣ ਦਾ ਐਲਾਨ ਕਰ ਦਿੱਤਾ। ਜਨਾਬ ਸੂਮਰੋ ਜੋ ਕਿ ਪਹਿਲਾਂ ਵੀ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ, ਪਰਵੇਜ਼ ਮੁਸ਼ੱਰਫ ਦੇ ਕਾਫੀ ਨੇੜੇ ਸਮਝੇ ਜਾਂਦੇ ਹਨ।
9 ਸਾਲ ਦੇ ਸ਼ਾਸਨ ਵਿੱਚ ਪਾਕਿਸਤਾਨ ਨੂੰ ਮੌਜੂਦਾ ਹਾਲਾਤ ਵਿੱਚ ਪਹੁੰਚਾਉਣ ਵਾਲੇ ਮੁਸ਼ਰਫ ਨੇ ਅਹੁਦਾ ਛੱਡਦੇ ਹੋਏ ਇਹੀ ਕਿਹਾ ਕਿ ਉਹ ਦੇਸ਼ ਹਿਤਾਂ ਦੀ ਖ਼ਾਤਿਰ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਮਹਾਂਦੋਸ਼ ਪ੍ਰਸਤਾਵ ਵਿੱਚ ਸਰਕਾਰ ਵੱਲੋਂ ਆਪਣੇ ਉਪਰ ਲਗਾਏ ਗਏ ਕਈ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ। ਟੈਲੀਵੀਜ਼ਨ ਉਪਰ ਇਕ ਘੰਟੇ ਦੇ ਭਾਸ਼ਣ ਵਿੱਚ ਮੁਸ਼ੱਰਫ ਨੇ ਆਪਣੇ ਕਾਰਜਕਾਲ ਦੀ ਰੱਜ ਕੇ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ, ‘ਮੈਂ ਜਿੱਤਾਂ ਜਾਂ ਹਾਰਾਂ, ਉਹ ਮੁਲਕ ਦੀ ਹਾਰ ਹੀ ਹੋਵੇਗੀ ਅਤੇ ਰਾਸ਼ਟਰਪਤੀ ਦੇ ਅਹੁਦੇ ਦੀ ਪ੍ਰਤਿਸ਼ਠਾ ਨੂੰ ਆਂਚ ਆਵੇਗੀ। ਦੇਸ਼ ਦਾ ਗੋਰਵ ਅਤੇ ਸਨਮਾਨ ਪ੍ਰਭਾਵਿਤ ਹੋਵੇਗਾ ਅਤੇ ਮੇਰੀ ਰਾਏ ਵਿੱਚ ਤਾਂ ਰਾਸ਼ਟਰਪਤੀ ਅਹੁਦੇ ਦੀ ਪ੍ਰਤਿਸ਼ਠਾ ਨੂੰ ਵੀ ਚੋਟ ਪਹੁੰਚੇਗੀ। ਇਸ ਲਈ ਮੈਂ ਮੁਲਕ ਅਤੇ ਲੋਕਤੰਤਰ ਦੀ ਬੇਹਤਰੀ ਲਈ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਮੁਸ਼ੱਰਫ ਖਿਲਾਫ ਸੱਤਾਧਾਰੀ ਗਠਜੋੜ ਨੇ ਮਹਾਂਦੋਸ਼ ਤਹਿਤ ਸੰਵਿਧਾਨ ਦੀ ਉਲੰਘਣਾ ਕਰਨ ਅਤੇ ਗਲਤ ਵਿਹਾਰ ਕਰਨ ਦੇ ਦੋਸ਼ ਲਗਾਏ ਹਨ। ਮੁਸ਼ਰੱਫ ਨੇ ਇਹ ਵੀ ਕਿਹਾ ਕਿ ਮੈਨੂੰ ਕਿਸੀ ਤੋਂ ਕੁੱਝ ਨਹੀਂ ਚਾਹੀਦਾ। ਮੈਂ ਆਪਣਾ ਭਵਿੱਖ ਮੁੱਲਕ ਅਤੇ ਅਵਾਮ ਦੇ ਹੱਥਾਂ ਵਿੱਚ ਛੱਡਦਾ ਹਾਂ।
ਮੁਸ਼ੱਰਫ ਦੇ ਅਸਤੀਫੇ ਨਾਲ ਸੰਸਦ ਵਿੱਚ ਸਰਕਾਰ ਅਤੇ ਰਾਸ਼ਟਰਪਤੀ ਦੇ ਵਿੱਚ ਟਕਰਾਵ ਦਾ ਸ਼ੱਕ ਤਾਂ ਖਤਮ ਹੋ ਗਿਆ, ਪਰ ਹੁਣ ਇਹ ਸਾਫ ਨਹੀਂ ਹੈ ਕਿ ਕੀ ਸਰਕਾਰ ਉਨ੍ਹਾਂ ਨੂੰ ਮਾਫ ਕਰ ਦੇਵੇਗੀ ਜਾਂ ਫਿਰ ਉਨ੍ਹਾਂ ਉਪਰ ਲਗਾਏ ਗਏ ਦੋਸ਼ਾਂ ਦੇ ਬਦਲੇ ਵਿੱਚ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ। ਸੰਸਦ ਵਿੱਚ ਰਾਸ਼ਟਰਪਤੀ ਦੇ ਵਿਰੁੱਧ ਮਹਾਂਦੋਸ਼ ਲਾਇਆ ਜਾਣਾ ਸੀ। ਇਸ ਵਿੱਚ ਮੁਸ਼ੱਰਫ ਉਪਰ ਸੰਵਿਧਾਂਨ ਦਾ ਉਲੰਘਨ ਕਰਨ ਅਤੇ ਕਈ ਗਲਤ ਕਦਮ ਚੁੱਕਣ ਦੇ ਦੋਸ਼ ਲੱਗੇ ਸਨ। ਇਨ੍ਹਾਂ ਵਿੱਚ ਜੱਜਾਂ ਦੀ ਬਰਖਾਸਤਗਈ ਅਤੇ ਦੇਸ਼ ਵਿੱਚ ਆਪਾਤਕਾਲ ਲਗਾਉਣਾ ਵੀ ਸ਼ਾਮਲ ਹੈ। ਪਰ ਮੁਸ਼ੱਰਫ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੇਰੇ ਵਿਰੁੱਧ ਕੋਈ ਮਹਾਂਦੋਸ਼ ਜਾਂ ਦੋਸ਼ਪੱਤਰ ਨਹੀਂ ਟਿਕ ਸਦਕਾ ਅਤੇ ਨਾ ਹੀ ਕੁੱਝ ਸਾਬਿਤ ਕੀਤਾ ਜਾ ਸਕਦਾ। ਮੈਨੂੰ ਆਪਣੇ ਆਪ ਉਪਰ ਇਨ੍ਹਾਂ ਯਕੀਨ ਹੈ। ਪਰ ਇਹ ਵਕਤ ਸ਼ਾਬਾਸ਼ੀ ਲੁੱਟਣ ਦਾ ਨਹੀਂ, ਬਲਕਿ ਗੰਭੀਰ ਚਿੰਤਨ ਦਾ ਹੈ।
ਮੁਸ਼ੱਰਫ ਨੂੰ ਲੈ ਕੇ ਪਾਕਿਸਤਾਨ ਵਿੱਚ ਕਈ ਦਿਨਾਂ ਤੋਂ ਅਨਿਸ਼ਚਿਤਾ ਦਾ ਮਾਹੌਲ ਸੀ। ਪਾਕਿਸਤਾਨ ਪੀਪਲਸ ਪਾਰਟੀ ਦੇ ਨਜ਼ਰੀਏ ਵਾਲੀ ਸਰਕਾਰ ਨੇ ਜਦੋਂ ਰਾਸ਼ਟਰਪਤੀ ਦੇ ਵਿਰੁੱਧ ਮਹਾਂਦੋਸ਼ ਲਿਆਉਣ ਦਾ ਐਲਾਨ ਕੀਤਾ, ਉਦੋਂ ਤੋਂ ਮੀਡੀਆ ਵਿੱਚ ਲਗਾਤਾਰ ਖਬਰਾਂ ਆ ਰਹੀਆਂ ਸਨ ਕਿ ਮੁਸ਼ੱਰਫ ਅਸਤੀਫਾ ਦੇਣਗੇ। ਹਰ ਵਾਰ ਉਨ੍ਹਾਂ ਦੇ ਬੁਲਾਰੇ ਇਹ ਕਹਿ ਕੇ ਕਿ ਰਾਸ਼ਟਰਪਤੀ ਮਹਾਂਦੋਸ਼ ਦਾ ਸਾਹਮਣਾ ਕਰਣਗੇ, ਇਨ੍ਹਾਂ ਖ਼ਬਰਾਂ ਦਾ ਖੰਡਨ ਕਰ ਦਿੰਦੇ ਸਨ। ਪਰ ਮੀਡੀਆਂ ਦੇ ਕਿਆਸਾਂ ਦੀਆਂ ਖ਼ਬਰਾਂ ਸਹੀ ਸਾਬਿਤ ਹੋਈਆਂ। ਮੁਸ਼ੱਰਫ ਦੇ ਅਹੁਦਾ ਛਡ ਦੇ ਹੀ ਸ਼ੇਅਰ ਬਾਜ਼ਾਰ ਵਿੱਚ ਚਾਰ ਫੀਸਦੀ ਉਛਾਲ ਆ ਗਿਆ।
ਅਸਤੀਫੇ ਦਾ ਐਲਾਨ ਹੁੰਦੇ ਹੀ ਦੇਸ਼ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਰਾਜਧਾਨੀ ਇਸਲਾਮਾਬਾਦ ਅਤੇ ਦੂਜੇ ਸ਼ਹਿਰਾਂ ਦੀਆਂ ਸੜਕਾਂ ਉਪਰ ਖੁਸ਼ੀ ਨਾਲ ਝੂਮਦੇ ਲੋਕ ਨਜ਼ਰ ਆਉਣ ਲੱਗੇ। ਸੱਤਾਧਾਰੀ ਗਠਜੋੜ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ। ਰਾਸ਼ਟਰਪਤੀ ਮੁਸ਼ੱਰਫ ਵੱਲੋਂ ਅਸਤੀਫਾ ਦਿੱਤੇ ਜਾਣ ਉਪਰੰਤ ਉਨ੍ਹਾਂ ਵੱਲੋਂ ਦੇਸ਼ ਛਡ ਕੇ ਕਿਸੇ ਹੋਰ ਮੁਲਕ ਵਿੱਚ ਚਲੇ ਜਾਣ ਦੀਆਂ ਖਬਰਾਂ ਨੇ ਜ਼ੋਰ ਫੜਿਆ ਹੋਇਆ ਹੈ, ਜਲਾਵਤਨੀ ਉਪਰੰਤ ਮੁਸ਼ੱਰਫ ਦੇ ਸਾਊਦੀ ਅਰਬ ਜਾਣ ਦੀਆਂ ਵੀ ਖ਼ਬਰਾ ਆ ਰਹੀਆਂ ਹਨ।
ਸੁਤੰਤਰਤਾ ਦਿਵਸ ਮੌਕੇ ਪੂਰੀ ਦੁਨੀਆ ’ਚ ਲਹਿਰਾਇਆ ਤਿਰੰਗਾ
|
| |
ਵਾਸ਼ਿੰਗਟਨ - ਨਿਊਯਾਰਕ ਤੋਂ ਲੈ ਕੇ ਪੇਈਚਿੰਗ ਤੱਕ ਦੁਨੀਆ ਭਰ ਵਿੱਚ ਭਾਰਤ ਦਾ 62ਵਾਂ ਸੁਤੰਤਰਤਾ ਦਿਵਸ ਪੂਰੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਸਾਰੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇਸ ਮੌਕੇ ਭਾਰਤ ਨੂੰ ਵਧਾਈਆਂ ਦਿੱਤੀਆਂ। ਅਮਰੀਕਾ ਦੇ ਪ੍ਰੈਜ਼ੀਡੈਂਟ ਜਾਰਜ ਬੁਸ਼ ਨੇ ਕਿਹਾ ਕਿ ਭਾਰਤ ਨੇ ਜਿਸ ਢੰਗ ਨਾਲ ਦਮਨ ਦੇ ਵਿਰੁੱਧ ਆਜ਼ਾਦੀ ਦਾ ਰਾਹ ਤਹਿ ਕੀਤਾ ਸੀ, ਉਹ ਸੁਤੰਤਰਤਾ ਦੀ ਇਕ ਮਹਾਨ ਕਹਾਣੀ ਹੈ। ਇਸ ਮੌਕੇ ਉਨ੍ਹਾਂ ਨੇ ਅਮਰੀਕਾ ਦੇ ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਦੇਸ਼ ਦੇ ਵਿਕਾਸ ਵਿੱਚ ਇੰਡੀਅਨ ਅਮਰੀਕਨ ਭਾਈਚਾਰੇ ਦੇ ਯੋਗਦਾਨ ਦੀ ਵਡਿਆਈ ਕੀਤੀ। ਇਕ ਬਿਆਨ ਜਾਰੀ ਕਰ ਬੁਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਨਜ਼ਰੀਏ ਵਿੱਚ ਭਾਰਤੀਆਂ ਨੇ ਅਹਿੰਸਕ ਢੰਗ ਨਾਲ ਵਿਰੋਧ ਕਰ ਆਜ਼ਾਦੀ ਹਾਸਲ ਕੀਤੀ। ਇਸ ਨਾਲ ਸਾਫ ਹੁੰਦਾ ਹੈ ਕਿ ਆਜ਼ਾਦੀ ਮਿਲਣ ਵਿੱਚ ਦੇਰ ਹੋ ਸਕਦੀ ਹੈ, ਪਰ ਕੋਈ ਇਸ ਨੂੰ ਖੋਹ ਨਹੀਂ ਸਕਦਾ।
ਭਾਰਤੀ ਸੁਤੰਤਰਤਾ ਦਿਵਸ ਦੇ ਮੌਕੇ ਨਿਊਯਾਰਕ ਸਮੇਤ ਦੁਨੀਆ ਦੇ ਸਭ ਤੋਂ ਵੱਡੇ ਸਟਾੱਕ ਐਕਸਚੇਂਜ ਨੈਸਡੈਕ ਵਿੱਚ ਭਾਰਤੀ ਕਾਂਸਲ ਜਨਰਲ ਨੀਲ ਦੇਵ ਨੇ ਕਲੋਜ਼ਿੰਗ ਬੇਲ ਬਜਾਈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੀ ਤੇਜ਼ੀ ਨਾਲ ਵਧਦੀ ਅਰਥ ਵਿਵਸਥਾਵਾਂ ਦੀ ਪਛਾਣ ਕਰਦੇ ਹੋਏ ਕੌਂਸਲ ਜਨਰਲ ਨੇ ਐਕਸਚੇਂਜ ਦੀ ਕਲੋਜ਼ਿੰਗ ਬੇਲ ਬਜਾਈ। ਇਸ ਦੌਰਾਨ ਸੈਂਸੈਕਸ ਸਕਰੀਨ ਉਪਰ ਤਿਰੰਗੇ ਦੀ ਪ੍ਰਤਿ ਕ੍ਰਿਤੀ ਦੇ ਉਪਰ ਲਿਖਿਆ ਸੀ, ਭਾਰਤ ਦਾ ਸੁਤੰਤਰਤਾ ਦਿਵਸ। ਨੈਸਡੈਕ ਵਿੱਚ ਭਾਰਤ ਦੀ 6 ਕੰਪਨੀਆਂ ਲਿਸਟਿਡ ਹਨ। ਉਨ੍ਹਾਂ ਦਾ ਕੁਲ ਕਾਰੋਬਾਰ 35 ਅਰਬ ਅਮਰੀਕੀ ਡਾਲਰ ਦੀ ਹੈ। ਉਥੇ ਉਲੰਪਿਕ ਸਥਲ ਪੇਈਚਿੰਗ ਵਿੱਚ ਭਾਰਤੀਆਂ ਨੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ। ਭਾਰਤ ਦੀ ਰਾਜਦੂਤ ਨਿਰੂਪਮਾ ਰਾਵ ਨੇ ਤਿਰੰਗਾ ਲਹਿਰਾਇਆ। ਇਸ ਦੌਰਾਨ ਭਾਰਤੀ ਉਲੰਪਿਕ ਦਲ ਵੀ ਮੌਜੂਦ ਸੀ। ਭਾਰਤੀ ਉਲੰਪਿਕ ਏਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੁਰੇਸ਼ ਕਲਮਾਡੀ ਨੇ ਕਿਹਾ ਕਿ ਇਸ ਤੋਂ ਪਹਿਲੇ ਜਦੋਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਗੋਲਡ ਜਿੱਤਿਆ ਸੀ, ਤਦੋਂ ਪੇਈਚਿੰਗ ਵਿੱਚ ਤਿਰੰਗਾ ਲਹਿਰਾਇਆ ਸੀ। ਹੁਣ ਨੌਜਵਾਨਾਂ ਨੂੰ ਖੇਡਾਂ ਵੱਲ ਵਧਣ ਦੇ ਲਈ ਨਵਾਂ ਉਤਸ਼ਾਹ ਮਿਲੇਗਾ। ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸਤਿਆਬ੍ਰਤ ਪਾਲ ਨੇ ਇਸਲਾਮਾਬਾਦ ਵਿੱਚ ਰਾਸ਼ਟਰੀ ਝੰਡਾ ਲਹਿਰਾ ਕੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਭਾਸ਼ਣ ਦੇ ਮੁੱਖ ਅੰਸ਼ ਪੜ੍ਹੇ। ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਵੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸੁਤੰਤਰਤਾ ਦਿਵਸ ਮਨਾਇਆ ਗਿਆ।
|
|
ਪਾਕਿਸਤਾਨ ਨੇ 35 ਭਾਰਤੀ ਕੈਦੀ ਛੱਡੇ
ਅਟਾਰੀ ਵਾਘਾ - 62ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪਾਕਿਸਤਾਨ ਨੇ ਆਪਣੀ ਜੇਲ੍ਹਾਂ ਵਿੱਚ ਬੰਦ 35 ਭਾਰਤੀ ਕੈਦੀਆਂ ਨੂੰ ਰਿਹਾ ਕਰ ਦਿੱਤਾ। ਰਿਹਾ ਕੀਤੇ ਗਏ ਲੋਕਾਂ ਵਿੱਚ 34 ਮਛੇਰੇ ਅਤੇ ਜੰਮੂ ਖੇਤਰ ਦਾ ਮਾਨਸਿਕ ਰੂਪ ਨਾਲ ਬਿਮਾਰ ਇਕ ਵਿਅਕਤੀ ਸ਼ਾਮਲ ਹੈ। ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦੇ ਝੰਡਾ ਲਹਿਰਾਉਣ ਤੋਂ ਕੁੱਝ ਦੇਰ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ। ਸਾਰੇ ਮਛੇਰੇ ਗੁਜਰਾਤ ਅਤੇ ਗੋਆ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ 6 ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਦੀ ਸਜ਼ਾ ਕੱਟੀ ਹੈ। ਜੰਮੂ ਦੇ ਭੋਲਾ ਨੇ ਦੱਸਿਆ ਕਿ ਛੰਭ ਸੈਕਟਰ ਵਿੱਚ ਪਾਕਿਸਤਾਨੀ ਸੀਮਾ ਵਿੱਚ ਚਲੇ ਜਾਣ ਦੇ ਕਾਰਣ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। |
ਚੀਨ ਵਿੱਚ 08-08-08 ਨੂੰ ਹੋਏ 3 ਲੱਖ ਤੋਂ ਵੱਧ ਵਿਆਹ |
| |
ਪੇਈਚਿੰਗ - ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਦਿਨ 8 ਅਗਸਤ 2008 ਨੂੰ ਚੀਨ ਵਿੱਚ 3 ਲੱਖ ਤੋਂ ਜ਼ਿਆਦਾ ਜੋੜਿਆਂ ਨੇ ਵਿਆਹ ਕੀਤਾ। ਪੂਰੇ ਦੇਸ਼ ਵਿੱਚ ਇਕ ਦਿਨ ਵਿੱਚ ਵਿਆਹ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਹ ਹੀ ਨਹੀਂ ਇਸ ਦਿਨ ਦੇਸ਼ ’ਚ ਵੱਡੀ ਗਿਣਤੀ ਵਿੱਚ ਬੱਚੇ ਵੀ ਪੈਦਾ ਹੋਏ।
ਸਥਾਨਕ ਮੀਡੀਆ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਘੱਟ ਤੋਂ ਘੱਟ 3,14,224 ਜੋੜਿਆਂ ਨੇ ਵਿਆਹ ਕੀਤਾ। ਪੇਈਚਿੰਗ ਵਿੱਚ 15,646 ਜੋੜਿਆਂ ਨੇ ਵਿਆਹ ਕੀਤਾ। ਇਹ ਗਿਣਤੀ ਰੋਜ਼ ਦੇ ਔਸਤ ਤੋਂ 23 ਗੁਣਾ ਜ਼ਿਆਦਾ ਹੈ। ਚੀਨ ਦੇ ਲੋਕ 8 ਅੰਕ ਨੂੰ ਸ਼ੁਭ ਮੰਨਦੇ ਹਨ, ਇਸ ਲਈ ਉਲੰਪਿਕ ਖੇਡਾਂ ਦੀ ਸ਼ੁਰੂਆਤ ਦੇ ਨਾਲ-ਨਾਲ 8 ਅਗਸਤ 2008 ਦਾ ਦਿਨ ਵਿਆਹ ਕਰਨ ਵਾਲਿਆਂ ਦੇ ਲਈ ਵੀ ਖਾਸ ਰਿਹਾ। ਚਾਓਯਾਂਗ ਜ਼ਿਲ੍ਹਾ ਬਿਓਰੋ ਦੇ ਕਰਮਚਾਰੀ ਪਿਛਲੇ ਤਿੰਨ ਹਫਤੇ ਦੇ ਦੌਰਾਨ ਲਗਭਗ ਢਾਈ ਹਜ਼ਾਰ ਜੌੜਿਆ ਦੇ ਵਿਆਹ ਦੀ ਰਜ਼ਿਸਟਰੇਸ਼ਨ ਦੇ ਲਈ ਲਗਾਤਾਰ ਕੰਮ ਵਿੱਚ ਜੁਟੇ ਰਹੇ। ਇਹ ਗਿਣਤੀ ਪਿਛਲੇ ਸਾਲ ਦੇ 8 ਅਗਸਤ ਦੀ ਤੁਲਨਾ ਵਿੱਚ 5 ਗੁਣਾ ਜ਼ਿਆਦਾ ਰਹੀ। ਬਹਰਹਾਲ, ਜਿਆਂਗਸੂ ਪ੍ਰਾਂਤ ਦੀ ਰਾਜਧਾਨੀ ਨਾਨਜਿੰਗ ਵਿੱਚ ਘੱਟ ਤੋਂ ਘੱਟ 200 ਬੱਚੇ ਪੈਦਾ ਹੋਏ। ਇਸ ਤੋਂ ਇਲਾਵਾ ਦੱਖਣੀ ਗੁਆਂਗਡੋਂਗ ਪ੍ਰਾਂਤ ਦੀ ਰਾਜਧਾਨੀ ਗੁਆਂਗਜੋਊ ਦੇ ਹਸਪਤਾਲਾਂ ਵਿੱਚ ‘ਉਲੰਪਿਕ ਬਰਥ’ ਦੇ ਚਲਦੇ 100 ਤੋਂ ਜ਼ਿਆਦਾ ਬਿਸਤਰੇ ਲਗਾਣੇ ਪਏ। ‘ਚਾਈਨਾ ਡੇਲੀ’ ਦੇ ਮੁਤਾਬਕ, ਉਲੰਪਿਕ ਉਦਘਾਟਨੀ ਸਮਾਰੋਹ ਦੇ ਦਿਨ ਪੇਈਚਿੰਗ ਦੇ ਹੈਦੀਆਨ ਜ਼ਿਲ੍ਹੇ ਵਿੱਚ ਪੀਕਿੰਗ ਯੂਨੀਵਰਸਿਟੀ ਦੇ ਹਸਪਤਾਲ ਵਿੱਚ 2.95 ਕਿਲੋਗ੍ਰਾਮ ਵਜ਼ਨ ਤੋਂ ਪਹਿਲੇ ਉਲੰਪਿਕ ਬੇਬੀ ਦਾ ਜਨਮ ਹੋਇਆ। |
|
|
ਡਰਨਾ ਤੇ ਹੱਸਣਾ ਜੀਨ ਉਪਰ ਨਿਰਭਰ
ਲੰਡਨ - ‘ਦੀ ਡੇਲੀ ਟੈਲੀਗ੍ਰਾਫ’ ਵਿੱਚ ਛਪੀ ਖ਼ਬਰ ਦੇ ਮੁਤਾਬਕ ਸਿਨੇਮਾ ਘਰਾਂ ਵਿੱਚ ਡਰਾਵਣੀ ਫਿਲਮਾਂ ਨੂੰ ਦੇਖਦੇ ਸਮੇਂ ਕੁੱਝ ਲੋਕੀ ਤਾਂ ਡਰ ਨਾਲ ਚੀਕਣ ਲੱਗਦੇ ਹਨ ਅਤੇ ਕੁੱਝ ਲੋਕ ਹੱਸਦੇ ਹਨ। ਵਿਗਿਆਨੀ ਇਸ ਵਿਵਿਧਤਾ ਦੇ ਪਿੱਛੇ ਜੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਜਰਮਨੀ ਦੇ ਬਾੱਨ ਯੂਨੀਵਰਸਿਟੀ ਵਿੱਚ ਵਿਗਿਆਨੀਆਂ ਦੀ ਇਕ ਟੀਮ ਨੂੰ ਪਤਾ ਚਲਿਆ ਕਿ ਦਿਮਾਗ ਵਿੱਚ ਡਰ ਅਤੇ ਚਿੰਤਾ ਨਾਲ ਜੁੜੇ ਰਸਾਇਨ ਨੂੰ ਇਕ ਜੀਨ ਪ੍ਰਭਾਵਿਤ ਕਰਦਾ ਹੈ। ਵਾਸਤਵ ਵਿੱਚ ਇਹ ਜੀਨ ਡਰਾਉਣੀਆਂ ਫਿਲਮਾਂ ਨੂੰ ਦੇਖਣ ਵਾਲੇ ਲੋਕਾਂ ਦੇ ਵੱਖ-ਵੱਖ ਵਿਵਹਾਰ ਦੇ ਲਈ ਜ਼ਿੰਮੇਵਾਰ ਹੈ।
ਖੋਜੀਆਂ ਦੇ ਮੁਤਾਬਕ ਜਿਨ੍ਹਾਂ ਲੋਕਾਂ ਵਿੱਚ ‘ਸੀਓਐਮਟੀ’ ਨਾਂ ਦੇ ਜੀਨ ਨੂੰ ਦੋ ਪ੍ਰਤੀਸ਼ਤ ਮੌਜੂਦ ਹੁੰਦੇ ਹਨ ਉਨ੍ਹਾਂ ਵਿੱਚ ਡਰਾਉਣੀਆਂ ਫਿਲਮਾਂ ਨੂੰ ਦੇਖਦੇ ਸਮੇਂ ਪਰੇਸ਼ਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਜੀਨ ਭਾਵਨਾਵਾਂ ਨੂੰ ਨਿਅੰਤਰਿਤ ਕਰਨ ਵਾਲੇ ਰਸਾਇਨ ਨੂੰ ਕਮਜ਼ੋਰ ਕਰਦੇ ਹਨ। ਦੂਜੇ ਪਾਸੇ ਜਿਨ੍ਹਾਂ ਲੋਕਾਂ ਵਿੱਚ ਇਸ ਜੀਨ ਦੀ ਸਿਰਫ਼ ਇਕ ਪ੍ਰਤੀਸ਼ਤ ਹੁੰਦੀ ਹੈ ਉਹ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਸਕਦੇ ਹਨ।
ਵਿਗਿਆਨੀਆਂ ਨੇ ਲਗਭਗ 100 ਔਰਤਾਂ ਉਪਰ ਆਪਣਾ ਅਧਿਐਨ ਕੀਤਾ। ਇਨ੍ਹਾਂ ਨੂੰ ਤਿੰਨ ਕਿਸਮ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਮੁਸਕਰਾਉਂਦੇ ਬੱਚਿਆਂ ਅਤੇ ਖੂਬਸੂਰਤ ਜਾਨਵਰਾਂ ਦੀ ‘ਭਾਵਨਾਤਮਕ’ ਤਸਵੀਰਾਂ, ਇਲੈਕਟ੍ਰੀਕਲ ਪਲੱਗ ਅਤੇ ਹੇਅਰ ਡ੍ਰਾਇਰਸ ਦੀ ਤਸਵੀਰਾਂ ਅਤੇ ਹਥਿਆਰਾਂ ਤੇ ਜ਼ਖਮੀ ਲੋਕਾਂ ਦੀ ‘ਉਦਾਸੀਨ’ ਤਸਵੀਰਾਂ ਦੇਖ ਕੇ ਇਨ੍ਹਾਂ ਦੀ ਪ੍ਰਤਿਕਿਰਿਆ ਵੀ ਵੱਖ-ਵੱਖ ਦੇਖੀ ਗਈ। ਇਹ ਅਧਿਐਨ ‘ਬਿਹੈਵੀਅਰਲ ਨਿਯੂਰੋਸਾਈਂਸ’ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
|
|
|
|
|
|