ਪੰਪ-ਕਿਨ ਸੂਪ
ਸਮੱਗਰੀ- ਅੱਧਾ ਕਿਲੋ ਲਾਲ ਸੀਤਾਫਲ ਛਿੱਲਿਆ ਅਤੇ ਕੱਟਿਆ ਹੋਇਆ, 250 ਮਿਲੀ. ਦੁੱਧ, ਅੱਧਾ ਕੱਪ ਮਸ਼ਰੂਮ, ਅੱਧਾ ਚਮਚ ਜੀਰਾ ਪਾਊਡਰ, ਅਦਰਕ ਦਾ 1 ਛੋਟਾ ਟੁਕੜਾ, 1 ਨਿੰਬੂ ਦਾ ਰਸ, ਚੁਟਕੀ ਭਰ ਚੀਨੀ, ਨਮਕ ਅਤੇ ਕਾਲੀ ਮਿਰਚ ਸਵਾਦ ਮੁਤਾਬਿਕ, 1 ਚਮਚ ਘਿਓ, 50 ਗ੍ਰਾਮ ਹਰਾ ਧਨੀਆ।
ਤਰੀਕਾ - ਸੀਤਾਫਲ ਦੇ ਕੁੱਝ ਟੁਕੜਿਆਂ ਨੂੰ ਛੱਡ ਕੇ ਬਾਕੀ ਨੂੰ ਨਰਮ ਹੋਣ ਤੱਕ ਉਬਾਲ ਲਓ। ਠੰਢਾ ਹੋ ਜਾਏ, ਤਾਂ ਇਸ ਦਾ ਸਾਰਾ ਪਾਣੀ ਕੱਢ ਕੇ ਇਸ ਵਿੱਚ ਧਨੀਆ ਅਤੇ ਨਿੰਬੂ ਦਾ ਰਸ ਛੱਡ ਕੇ ਬਾਕੀ ਸਾਰੀ ਸਮੱਗਰੀ ਮਿਲਾ ਦਿਓ। ਫਿਰ ਇਸ ਸਮੱਗਰੀ ਨੂੰ ਜ਼ਰੂਰਤ ਦੇ ਮੁਤਾਬਕ ਪਾਣੀ ਮਿਲਾ ਕੇ ਉਬਾਲ ਲਓ। ਥੋੜੀ ਦੇਰ ਬਾਅਦ ਅੱਗ ਤੋਂ ਹੇਠਾਂ ਲਾਹ ਦਿਓ। ਹੁਣ ਇਸ ਵਿੱਚ ਨਿੰਬੂ ਦਾ ਜੂਸ ਮਿਲਾ ਲਓ। ਪੈਨ ਵਿੱਚ ਘਿਓ ਗਰਮ ਕਰੋ ਅਤੇ ਉਸ ਵਿੱਚ ਵੱਖ ਰੱਖੇ ਸੀਤਾਫਲ ਦੇ ਟੁਕੜਿਆਂ ਨੂੰ ਨਰਮ ਹੋਣ ਤੱਕ ਫ੍ਰਾਈ ਕਰ ਲਓ। ਸੂਪ ਸਰਵ ਕਰਨ ਤੋਂ ਪਹਿਲੇ ਧਨੀਆ ਪੱਤੀ ਅਤੇ ਫ੍ਰਾਈ ਸੀਤਾਫਲ ਦੇ ਟੁਕੜੇ ਮਿਲਾ ਲਓ।
ਸਪ੍ਰਾਊਟ ਤੇ ਫਰੂਟ ਸਲਾਦ
ਸਮੱਗਰੀ- 200 ਗ੍ਰਾਮ ਮੂੰਗੀ ਦੀ ਦਾਲ ਪੁੰਗਰੀ ਹੋਈ, 150 ਗ੍ਰਾਮ ਪਨੀਰ ਟੁੱਕੜਿਆਂ ਵਿੱਚ ਕੱਟਿਆ ਹੋਇਆ, 2 ਸੰਤਰੇ, 1 ਗਾਜਰ ਕਦੁਕਸ ਕੀਤੀ ਹੋਈ, 1 ਪਿਆਜ ਬਾਰੀਕ ਕੱਟਿਆ ਹੋਇਆ, 1 ਸਲਾਈਸ ਸਵੀਟ ਲਾਈਮ, ਲਸਣ ਦੀ 1 ਤੁਰੀ ਬਾਰੀਕ ਕਟੀ ਹੋਈ, 1 ਚਮਚ ਮੱਖਣ।
ਤਰੀਕਾ-ਸਭ ਤੋਂ ਪਹਿਲਾਂ ਨਾਨ ਸਟਿਕ ਪੈਨ ਵਿੱਚ ਮੱਖਣ ਪਾਓ। ਇਸ ਵਿੱਚ ਪਿਆਜ ਤੇ ਲਸਣ ਮਿਲਾ ਦਿਓ ਅਤੇ ਇਕ ਮਿੰਟ ਦੇ ਲਈ ਫ੍ਰਾਈ ਕਰ ਲਓ। ਹੁਣ ਇਸ ਵਿੱਚ ਪੁੰਗਰੀ ਹੋਈ ਮੂੰਗੀ ਅਤੇ ਕਦੁਕਸ ਕੀਤੀ ਹੋਈ ਗਾਜਰ ਮਿਲਾ ਦਿਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਮਿੰਟ ਦੇ ਲਈ ਫ੍ਰਾਈ ਕਰੋ। ਫਿਰ ਅੱਗ ਤੋਂ ਹਟਾ ਕੇ ਠੰਢਾ ਹੋਣ ਦੇ ਲਈ ਰੱਖ ਦਿਓ। ਉਪਰੋਂ ਸਵੀਟ ਲਾਈਮ ਅਤੇ ਪਨੀਰ ਦੇ ਟੁਕੜੇ ਮਿਲਾ ਦਿਓ। ਅੱਧੇ ਘੰਟੇ ਦੇ ਲਈ ਫ੍ਰਿਜ ਵਿੱਚ ਰੱਖ ਦਿਓ। ਖਾਣ ਲਈ ਠੰਡਾ-ਠੰਡਾ ਸਰਵ ਕਰੋ।
ਪੰਚ ਰੰਗੀ ਸਬਜ਼ੀ
ਸਮੱਗਰੀ -250 ਗ੍ਰਾਮ ਆਲੂ, 200 ਗ੍ਰਾਮ ਘੀਆ, 150 ਗ੍ਰਾਮ ਗਾਜਰ, 150 ਗ੍ਰਾਮ ਮਟਰਾਂ ਦੇ ਦਾਣੇ, 4 ਬੈਂਗਣ, 100 ਗ੍ਰਾਮ ਧਨੀਆ, 3-4 ਹਰੀਆਂ ਮਿਰਚਾਂ, ਗਰਮ ਮਸਾਲਾ ਤੇ ਨਮਕ ਸਵਾਦ ਮੁਤਾਬਕ, ਧਨੀਆ, 1/2 ਚਮਚ ਰਾਈ, ਮੇਥੀ, ਲਾਲ ਮਿਰਚ, ਜੀਰਾ, ਸੌਂਫ, ਕਲ਼ੌਂਜੀ, 5 ਤੇਜਪਾਨ ਦੇ ਪੱਤੇ, 100 ਗ੍ਰਾਮ ਦੁੱਧ, ਘਿਓ।
ਤਰੀਕਾ-ਘਿਓ ਗਰਮ ਕਰਕੇ ਉਸ ਵਿੱਚ ਤੇਜਪਾਨ ਦੇ ਪੱਤੇ, ਸੌਂਫ, ਰਾਈ, ਜੀਰਾ, ਮੇਥੀ ਅਤੇ ਕਲ਼ੌਂਜੀ ਪਾ ਦਿਓ। ਇਹ ਮਸਾਲੇ ਭੁੰਨਣ ਲੱਗੇ ਤਾਂ ਹਰਾ ਧਨੀਆ ਤੇ ਹਰੀ ਮਿਰਚਾਂ ਕੱਟ ਕੇ ਪਾ ਦਿਓ। ਹੁਣ ਇਸ ਮਿਕਸਚਰ ਨੂੰ ਕੁੱਝ ਦੇਰ ਮਿਲਾਉਣ ਤੋਂ ਬਾਅਦ ਸਾਰੀ ਸਬਜ਼ੀਆਂ ਇਸ ਵਿੱਚ ਪਾ ਦਿਓ, ਸਬਜ਼ੀਆਂ ਨੂੰ ਥੋੜੀ ਦੇਰ ਭੁੰਨਣ ਦਿਓ। ਉਪਰੋਂ ਨਮਕ ਤੇ ਹੋਰ ਮਸਾਲੇ ਵੀ ਪਾ ਦਿਓ। ਕੜਛੀ ਨਾਲ ਸਬਜ਼ੀ ਨੂੰ 2-3 ਵਾਰ ਚਲਾਓ। ਸਬਜ਼ੀ ਜਦੋਂ ਭਾਫ ਛੱਡਣ ਲੱਗੇ ਤਾਂ ਉਸ ਵਿੱਚ ਦੁੱਧ ਪਾ ਦਿਓ। ਹੁਣ ਬਰਤਨ ਨੂੰ ਢੱਕ ਦਿਓ। ਅੱਗ ਮੱਠੀ ਰੱਖੋ। ਜਦੋਂ ਪਾਣੀ ਸੁੱਕ ਜਾਏ ਅਤੇ ਸਬਜ਼ੀ ਗਲ ਜਾਏ ਤਾਂ ਗਰਮ ਮਸਾਲਾ ਫੈਲਾ ਕੇ ਪਾ ਦਿਓ। ਗਰਮਾ-ਗਰਮ ਖਾਣ ਲਈ ਰੋਟੀ ਨਾਲ ਦਿਓ।
| |
|