info@kuksamachar.com Fortnightly Issue No. 118 New Zealand 20 August 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਸਭਿਆਚਾਰ
ਟੈਲੀਵਿਜ਼ਨ ਪ੍ਰਸਾਰਨ ਦਾ ਸਮਾਜਿਕ ਮਹੱਤਵ
ਟੈਲੀਵਿਜ਼ਨ ਪ੍ਰਸਾਰਨ ਨੇ ਹੋਰਨਾਂ ਸੰਚਾਰ ਸਾਧਨਾਂ ਮੁਕਾਬਲੇ ਸਮਾਜ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਸੰਸਾਰ ਨੂੰ ਮੁੱਠੀ ਵਿੱਚ ਲਿਆ ਸਮੇਟਿਆ ਹੈ। ਸਿੱਖਿਆ, ਸੂਚਨਾ ਤੇ ਮਨੋਰੰਜਨ ਤੋਂ ਇਲਾਵਾ ਇਸ ਦੀਆਂ ਹੋਰ ਵੀ ਸਮਾਜਿਕ ਜ਼ਿੰਮੇਵਾਰੀਆਂ ਹਨ। ਮਿਸਾਲ ਵਜੋਂ ਕੌਮੀ ਏਕਤਾ ਤੇ ਸਮਾਜਿਕ ਵਿਕਾਸ ਲਈ ਕੰਮ ਕਰਨਾ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ। ਤੇਜ਼ੀ ਨਾਲ ਵਧ ਰਹੀ ਆਬਾਦੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ। ਖੇਤੀਬਾੜੀ ਦੀ ਪੈਦਾਵਾਰ ਵਧਾਉਣ ਲਈ ਲੋੜੀਂਦੀ ਸੂਚਨਾ ਤੇ ਜਾਣਕਾਰੀ ਮੁਹੱਈਆ ਕਰਨੀ। ਸੁਖਾਵਾਂ ਸਮਾਜਿਕ ਮਾਹੌਲ ਬਣਾਈ ਰੱਖਣ ਵਿੱਚ ਯੋਗਦਾਨ ਪਾਉਣਾ। ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਅੰਗਹੀਣਾਂ ਲਈ ਸਮਾਜਿਕ ਸੁਰੱਖਿਆ ਵਾਲਾ ਵਾਤਾਵਰਨ ਪੈਦਾ ਕਰਨਾ। ਵਾਤਾਵਰਨ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਨਾ। ਸਮਾਜਿਕ ਪਰਿਵਰਤਨ ਵਿੱਚ ਪ੍ਰੇਰਕ ਦਾ ਕੰਮ ਕਰਨਾ। ਖੇਡਾਂ ਪ੍ਰਤੀ ਰੁਚੀ ਪੈਦਾ ਕਰਨੀ। ਕਲਾਤਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਉਤਸ਼ਾਹਿਤ ਕਰਨਾ। ਸਮਾਜਿਕ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣਾ। ਸਮਾਜਿਕ ਬਰਾਬਰੀ ਲਈ ਕੰਮ ਕਰਨਾ।
ਪਰ ਵਪਾਰਿਕ ਪੱਧਰ ’ਤੇ ਟੈਲੀਵਿਜ਼ਨ ਦੇ ਹੋਏ ਵਿਸਥਾਰ ਨੇ ਵਰਤਮਾਨ ਭਾਰਤੀ ਸਮਾਜ ਵਿੱਚ ਸੱਭਿਆਚਾਰ ਤੇ ਸੂਚਨਾ ਦਾ ਵਿਸਫੋਟ ਕੀਤਾ ਹੈ। ਇਹ ਵਿਸਫੋਟ ਸਮਾਜ ਵਿੱਚ ਤਣਾਅ ਅਤੇ ਸੱਭਿਆਚਾਰਕ ਨਿਘਾਰ ਦੀਆਂ ਸੰਭਾਵਨਾਵਾਂ ਲੈ ਕੇ ਜਨਮਿਆ ਹੈ। ਇਸ ਨੇ ਸਾਡੀਆਂ ਭਾਸ਼ਾਵਾਂ, ਸੰਵੇਦਨਾਵਾਂ, ਸਿਆਸਤ ਅਤੇ ਸਮਾਜਿਕ ਸਥਿਤੀਆਂ ’ਤੇ ਗਹਿਰਾ ਪ੍ਰਭਾਵ ਛੱਡਿਆ ਹੈ ਪ੍ਰੰਤੂ ਭਾਰਤ ਵਿੱਚ ਪ੍ਰਸਾਰਨ ਦੀ ਸਮਾਜ ਸੁਧਾਰ ਦੇ ਸੰਦ ਵਜੋਂ ਵਰਤੋਂ ਨਹੀਂ ਹੋ ਸਕੀ। ਲੋਕਾਂ ਨੂੰ ਸਮਾਜਿਕ, ਭਾਈਚਾਰਕ ਪੱਖੋਂ ਬੌਣੇ ਬਣਾ ਦਿੱਤਾ ਹੈ। ਨੌਜਵਾਨਾਂ ਅਤੇ ਬੱਚਿਆਂ ’ਤੇ ਵਧੇਰੇ ਅਸਰ ਪਿਆ ਹੈ। ਮਨੁੱਖੀ ਕਦਰਾਂ-ਕੀਮਤਾਂ ਨੂੰ ਖੋਰਾ ਲੱਗਾ ਹੈ। ਟੈਲੀਵਿਜ਼ਨ ਪ੍ਰਸਾਰਨ ਨੇ ਲੋਕਾਂ ਅੰਦਰ ਉਹ ਇੱਛਾਵਾਂ ਜਗਾ ਦਿੱਤੀਆਂ, ਜਿਨ੍ਹਾਂ ਦੀ ਪੂਰਤੀ ਸੰਭਵ ਨਹੀਂ। ਸਮਾਜ ਨੂੰ ਸ਼੍ਰੇਣੀ-ਟਕਰਾਅ ਵੱਲ ਵਧਾਇਆ ਹੈ। ਇਸ ’ਤੇ ਇਹ ਦੋਸ਼ ਵੀ ਲਗਦਾ ਹੈ ਕਿ ਬਹੁਤਾਤ ਵਿੱਚ ਮਨੋਰੰਜਨ ਪਰੋਸ ਕੇ ਜਨਤਾ ਦਾ ਧਿਆਨ ਬੁਨਿਆਦੀ ਮਸਲਿਆਂ ਵੱਲੋਂ ਲਾਂਭੇ ਕਰ ਰਿਹਾ ਹੈ।
ਟੈਲੀਵਿਜ਼ਨ ਨਸ਼ੇ ਵਾਂਗ ਹੈ। ਜਰਮਨੀ ਅਤੇ ਇੰਗਲੈਂਡ ਵਿੱਚ ਕੀਤੇ ਤਜਰਬਿਆਂ ਨੇ ਅਜਿਹਾ ਸਿੱਧ ਕਰ ਦਿੱਤਾ ਹੈ। ਤਜਰਬੇ ਲਈ ਕਿਹਾ ਗਿਆ ਕਿ ਅਜਿਹੇ ਲੋਕਾਂ ਨੂੰ ਇਨਾਮ ਵਜੋਂ ਵੱਡੀਆਂ ਰਕਮਾਂ ਦਿੱਤੀਆਂ ਜਾਣਗੀਆਂ, ਜਿਹੜੇ ਟੀ. ਵੀ. ਨਹੀਂ ਵੇਖਣਗੇ। ਤਜਰਬੇ ਵਿੱਚ ਲੋਕ ਹੁੰਮ-ਹਮਾ ਕੇ ਸ਼ਾਮਿਲ ਹੋਏ। ਕੁਝ ਹੀ ਮਹੀਨਿਆਂ ਬਾਅਦ ਮੁਕਾਬਲੇ ਵਿਚੋਂ ਇਹ ਕਹਿੰਦਿਆਂ ਬਾਹਰ ਹੋ ਗਏ, ‘ਸਾਨੂੰ ਸਾਡੇ ਟੀ. ਵੀ. ਚਲਾਉਣ ਦੀ ਆਗਿਆ ਦਿੱਤੀ ਜਾਵੇ।’
ਟੈਲੀਵਿਜ਼ਨ ਪ੍ਰਸਾਰਨ ਨੇ ਸਾਡੇ ਤੋਂ ਸਾਦਗੀ, ਭਾਈਚਾਰਾ ਤੇ ਮੇਲ-ਜੋਲ ਖੋਹ ਲਿਆ। ਬਦਲੇ ਵਿੱਚ ਸਾਨੂੰ ਦਿੱਤਾ ਇਕੱਲੇ ਵਿਚਰਨ ਦਾ ਵਲ। ਇਹ ਛੋਟੀ ਪੱਧਰ ’ਤੇ ਤੋੜਦਾ, ਵਿਸ਼ਾਲ ਪੱਧਰ ’ਤੇ ਜੋੜਦਾ ਹੈ। ਸੂਬਾਈੁੰ ਕੌਮੀ ਤੇ ਕੌਮਾਂਤਰੀ ਵਿੱਥਾਂ ਮੇਟਦਾ ਹੈ।
ਇਸ ਦੇ ਬਹੁਤ ਸਾਰੇ ਚੰਗੇ ਪੱਖ ਵੀ ਹਨ। ਕੁਝ ਗੱਲਾਂ ਬੱਚਿਆਂ ਅਤੇ ਅਧਿਆਪਕਾਂ ਨੇ ਪੈਸਾ ਖਰਚ ਕੇ, ਸਫ਼ਰ ਕਰਕੇ, ਇਤਿਹਾਸਕ ਥਾਵਾਂ ’ਤੇ ਜਾ ਕੇ ਸਿੱਖਣੀਆਂ ਹੁੰਦੀਆਂ ਹਨ ਜਿਹੜੀਆਂ ਟੈਲੀਵਿਜ਼ਨ ਘਰ ਬੈਠੇ ਵਿਖਾ ਦਿੰਦਾ ਹੈ। ਇਵੇਂ ਟੀ. ਵੀ. ਨੂੰ ਮਾਂ-ਪਿਉ ਤੋਂ ਬਾਅਦ ਤੀਜਾ ਸਥਾਨ ਦਿੱਤਾ ਜਾਣ ਲੱਗਾ ਹੈ। ਆਮ ਆਦਮੀ ਨੂੰ ਉਨ੍ਹਾਂ ਚੀਜ਼ਾਂ ਦੇ ਨੇੜੇ ਲੈ ਜਾਂਦਾ ਹੈ ਜਿਹੜੀਆਂ ਉਸ ਦੀ ਪਹੁੰਚ ਤੋਂ ਪਰ੍ਹੇ ਹੁੰਦੀਆਂ ਹਨ। ਮਹਾਨ ਕਲਾ-ਕਿਰਤਾਂ ਨੂੰ ਜਨ-ਸਮੂਹ ਤੱਕ ਪਹੁੰਚਾਉਣ ਵਿਚ ਪ੍ਰਸਾਰਨ ਨੇ ਪ੍ਰਸੰਸਾਯੋਗ ਭੂਮਿਕਾ ਨਿਭਾਈ ਹੈ। ਕੁਝ ਲੋਕਾਂ ਦਾ ਕਹਿਣਾ ਹੈ, ‘ਟੀ. ਵੀ. ਸਾਨੂੰ ਨਿੱਤ ਦੀਆਂ ਸਮੱਸਿਆਵਾਂ ਅਤੇ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ।’ ਕੁਝ ਕਹਿੰਦੇ ਹਨ, ‘ਇਹ ਦੁਨੀਆ ਦੀ ਖ਼ਤਰਨਾਕ ਤਸਵੀਰ ਪੇਸ਼ ਕਰਦਾ ਹੈ।’
ਟੈਲੀਵਿਜ਼ਨ ਪ੍ਰਸਾਰਨ ਲੋਕਾਂ ਨੂੰ ਕੀ ਮੁਹੱਈਆ ਕਰਦਾ ਹੈ, ਸਮਾਜਿਕ ਮਹੱਤਵ ਕਿੰਨਾ ਹੈ, ਇਨ੍ਹਾਂ ਸਵਾਲਾਂ ਦਾ ਜਵਾਬ ਏਨਾ ਸਰਲ ਨਹੀਂ ਜਿੰਨਾ ਜਾਪਦਾ ਹੈ। ਵਾਸਤਵ ਵਿੱਚ ਜਵਾਬ ਵੱਖ-ਵੱਖ ਮੁਲਕਾਂ, ਵੱਖ-ਵੱਖ ਨਜ਼ਰੀਏ ਅਤੇ ਆਰਥਿਕ ਤੇ ਸਮਾਜਿਕ ਸਥਿਤੀਆਂ ’ਤੇ ਨਿਰਭਰ ਕਰਦਾ ਹੈ। ਪ੍ਰੰਤੂ ਕੁਝ ਗੱਲਾਂ ਸਪੱਸ਼ਟ ਹਨ। ਵੇਖਣ ਤੇ ਸੁਣਨ ਦਾ ਸ਼ਕਤੀਸ਼ਾਲੀ ਸੰਚਾਰ ਸਾਧਨ ਟੈਲੀਵਿਜ਼ਨ ਸਮਾਜ ਨੂੰ ਸਹੀ ਦਿਸ਼ਾ ਦੇਣ ਵਿਚ ਸਾਰਥਿਕ ਤੇ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾਅ ਸਕਿਆ। ਪ੍ਰਸਾਰਨ ਦੇ ਪ੍ਰਭਾਵ ਇਕ ਤੱਥ ਹਨ। ਪ੍ਰਸਾਰਨ ਇਕ ਯਥਾਰਥ ਹੈ, ਇਸ ਲਈ ਸਾਨੂੰ ਇਸ ਦੀ ਸੁਯੋਗ ਵਰਤੋਂ ਸਿੱਖਣ ਵੱਲ ਵਧਣਾ ਚਾਹੀਦਾ ਹੈ।
ਟੈਲੀਵਿਜ਼ਨ ਕੈਮਰੇ ਦੇ ਰੰਗ ਘਰ ਬੈਠਾ ਦਰਸ਼ਕ ਜਦ ਟੀ. ਵੀ. ਵੇਖਦਾ ਹੈ ਜਾਂ ਪਾਠਕ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਦੇ ਚਿਤ ਚੇਤੇ ਵੀ ਨਹੀਂ ਹੁੰਦਾ ਕਿ ਜੋ ਦ੍ਰਿਸ਼, ਜੋ ਤਸਵੀਰ ਉਹ ਵੇਖ ਰਿਹਾ ਹੈ, ਉਹ ਅਸਲ ਹੈ ਜਾਂ ਅਸਲ ਦਾ ਭੁਲੇਖਾ ਪਾਉਂਦੀ ਨਕਲ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਸਟਿੱਲ ਕੈਮਰੇ ਅਤੇ ਟੈਲੀਵਿਜ਼ਨ ਕੈਮਰੇ ਦੀ ਕਈ ਵਾਰ, ਕਈ ਹਾਲਤਾਂ ਵਿੱਚ ਉਲਾਰ ਅਤੇ ਗ਼ੈਰ-ਯਥਾਰਥਕ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਸੱਚ ਹੈ ਕਿ ਸਾਰੇ ਚੈਨਲ ਜਾਂ ਸਾਰੀਆਂ ਅਖ਼ਬਾਰਾਂ ਅਜਿਹਾ ਨਹੀਂ ਕਰਦੀਆਂ।
ਕਿਸੇ ਧਰਨੇ ਜਾਂ ਜਲਸੇ-ਜਲੂਸ ਮੌਕੇ ਜਦ ਕੈਮਰਾ ਖੁੱਲ੍ਹਦਾ ਹੈ ਤਾਂ ਨਾਲ ਹੀ ਕੈਮਰਾਮੈਨ ਵੱਲੋਂ ਹਦਾਇਤ ਹੁੰਦੀ ਹੈ, ‘ਜ਼ਰਾ ਜੋਸ਼ ਨਾਲ ਨਾਅਰੇ ਲਗਾਓ, ਮੁੱਕੇ ਹਵਾ ’ਚ ਉਲਾਰਕੇ।’ ਇਸੇ ਤਰ੍ਹਾਂ ਜਦ ਵਿਦਿਆਰਥੀਆਂ ਨੂੰ ਡਿਗਰੀਆਂ ਮਿਲਦੀਆਂ ਹਨ ਤਾਂ ਫੋਟੋਗ੍ਰਾਫਰ ਖ਼ੁਦ ਬੈਂਚ ’ਤੇ ਖੜੋ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਟੋਲੀ ਨੂੰ ਇਕੱਠਿਆਂ ਕਰਕੇ ਕਹਿੰਦਾ ਹੈ, ‘ਡਿਗਰੀਆਂ ਹੱਥਾਂ ਵਿੱਚ ਰੋਲ ਕਰਕੇ ਫੜ ਲਓ ਅਤੇ ਮੁਸਕਰਾਉਂਦੇ ਹੋਏ ਉਛਲ ਕੁਦ ਕਰੋ। ਸਵੇਰੇ ਇਹੀ ਫੋਟੋ ਅਖ਼ਬਾਰ ’ਚ ਲੱਗਣੀ ਐ।’ ਇਹ ਤਾਂ ਹੋਈ ਥੋੜ੍ਹੀ ਬਹੁਤੀ ਅਦਲ-ਬਦਲ। ਪਰ ਅਜਿਹੇ ਦ੍ਰਿਸ਼ ਵੀ ਟੀ. ਵੀ. ’ਤੇ ਵੇਖਣ ਨੂੰ ਮਿਲਦੇ ਹਨ ਜਿਥੇ ਸਾਰਾ ਕੁਝ ‘ਮੈਨੇਜਡ’ ਹੁੰਦਾ ਹੈ। ਕਿਸੇ ਦੇ ਖਿਲਾਫ਼ ਧਰਨਾ ਦੇਣਾ ਹੈ। ਮੁਜ਼ਾਹਰਾ ਕਰਨਾ ਹੈ। ਸੜਕ ’ਤੇ ਟ੍ਰੈਫਿਕ ਜਾਮ ਕਰਨਾ ਹੈ। ਸਭ ਕੁਝ ਚੈਨਲ ਵੱਲੋਂ ਤੈਅ ਹੁੰਦਾ ਹੈ। 20-30 ਬੰਦੇ ਇਕੱਠੇ ਕੀਤੇ। ਸੜਕ ’ਤੇ ਦਰੀ ਵਿਛਾਈ ਅਤੇ ਲਾ ਦਿੱਤਾ ਜਾਮ। ਇਹਦੇ ਵਿੱਚ ਚੈਨਲ ਦੇ ਆਪਣੇ ਕਈ ਤਰ੍ਹਾਂ ਦੇ ਹਿਤ ਛੁਪੇ ਹੁੰਦੇ ਹਨ। ਟੈਲੀਵਿਜ਼ਨ ਚੈਨਲ ਖ਼ੁਦ ਹੀ ਕਿਸੇ ਦੇ ਹੱਕ ਵਿੱਚ, ਕਿਸੇ ਦੇ ਵਿਰੋਧ ਵਿੱਚ ਜ਼ਿੰਦਾਬਾਦ, ਮੁਰਦਾਬਾਦ ਕਰਵਾ ਦਿੰਦੇ ਹਨ। ਟੈਲੀਵਿਜ਼ਨ ਕੈਮਰੇ ’ਚ ਬੜੀ ਕਰਾਮਾਤ ਹੈ। ਇਕ ਪਾਸੇ ਲੋਕ ਇਸ ਤੋਂ ਭੈਅ ਖਾਂਦੇ ਹਨ, ਦੂਜੇ ਪਾਸੇ ਇਸ ਦੀ ਉਡੀਕ ਕਰਦੇ ਹਨ। ਜੇ ਟੈਲੀਵਿਜ਼ਨ ਕੈਮਰੇ ਨਾ ਹੋਣ ਤਾਂ ਕੋਈ ਸਿਆਸੀ ਨੇਤਾ ਹਸਪਤਾਲ ਵਿੱਚ ਮਰੀਜ਼ਾਂ ਦਾ ਹਾਲ ਪੁੱਛਣ ਨਾ ਜਾਵੇ।
-ਪ੍ਰੋ. ਕੁਲਬੀਰ ਸਿੰਘ
        

        

 
Home | Main news | Contact us
All rights reserved with KUKSAMACHAR