ਸੰਪਾਦਕੀ ਅਭਿਨਵ ਬਿੰਦਰਾ ਨੇ ਦੇਸ਼ ਦਾ ਮਾਣ ਵਧਾਇਆ
ਪੰਜਾਬ ਦੇ ਰਹਿਣ ਵਾਲੇ ਅਭਿਨਵ ਬਿੰਦਰਾ ਨੇ ਇਸ ਵਾਰ ਦੀ ਬੀਜਿੰਗ ਉਲੰਪਿਕ 2008 ਵਿੱਚ ਉਹ ਕਾਰਨਾਮਾ ਕਰ ਵਿਖਾਇਆ ਜਿਸ ਦੇ ਸੁਪਨੇ ਲੈਂਦਿਆਂ ਕਈ ਖਿਡਾਰੀਆਂ ਨੂੰ ਵੇਖਿਆ ਤੇ ਸੁਣਿਆ ਹੈ। ਪਰ ਅਭਿਨਵ ਨੇ ਉਲੰਪਿਕ ਦੇ ਨਿਸ਼ਾਨੇਬਾਜ਼ੀ ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਰਤ ਦੇ 120 ਸਾਲਾਂ ਦੇ ਉਲੰਪਿਕ ਦੇ ਇਤਿਹਾਸ ਵਿੱਚ ਸੋਨ ਤਮਗਾ ਹਾਸਲ ਕਰਕੇ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂ ਦਰਜ ਕਰ ਦਿੱਤਾ। ਅਭਿਨਵ ਨੂੰ ਅੱਜ ਦੇ ਯੁੱਗ ਦਾ ਅਰਜੁਨ ਕਹਿਣਾ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ ਕਿਉਂਕਿ ਅਰਜੁਨ ਨੇ ਆਪਣੇ ਵੇਲੇ ਮਛਲੀ ਦੀ ਅੱਖ ਵਿੱਚ ਤੀਰ ਮਾਰ ਕੇ ਇਹ ਸਿੱਧ ਕਰ ਦਿੱਤਾ ਸੀ ਕਿ ਉਸ ਵਰਗਾ ਕੋਈ ਨਿਸ਼ਾਨਚੀ ਬ੍ਰਹਮੰਡ ਵਿੱਚ ਨਹੀਂ ਹੈ। ਅਭਿਨਵ ਬਿੰਦਰਾ ਨੇ ਵੀ ਸੋਨ ਤਮਗਾ ਜਿੱਤ ਕੇ ਸਿੱਧ ਕਰ ਦਿੱਤਾ ਕਿ 28 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਸੋਨ ਤਮਗਾ ਜਿੱਤਣ ਵਾਲਾ ਉਹ ਇਕੱਲਾ ਹੀ ਨਿਸ਼ਾਨਚੀ ਹੈ। ਉਸ ਵਰਗਾ ਕੋਈ ਹਾਲੇ ਤੱਕ ਨਹੀਂ ਹੋ ਨਿਬੜਿਆ। 100 ਕਰੋੜ ਤੋਂ ਵੱਧ ਆਬਾਦੀ ਦਾ ਦੇਸ਼ ਸਾਹ ਰੋਕ ਕੇ ਇਸ ਪਲ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਅਭਿਨਵ ਬਿੰਦਰਾ ਨੇ ਹਰ ਭਾਰਤੀ ਦੀ ਖਵਾਇਸ਼ ਨੂੰ ਪੂਰਾ ਕਰ ਦਿੱਤਾ। ਉਸਨੇ ਕਮਾਲ ਹੀ ਕਰ ਦਿੱਤਾ। ਪੂਰੀ ਦੁਨੀਆ ਵਿੱਚ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ, ਇਹ ਪਲ ਨਾ ਕੇਵਲ ਬਿੰਦਰਾ ਬਲਕਿ ਹਰ ਭਾਰਤੀ ਦੇ ਲਈ ਕਦੇ ਨਾ ਭੁੱਲਣ ਵਾਲਾ ਮਾਣ ਦਾ ਪਲ ਬਣ ਗਿਆ ਹੈ। ਬਿੰਦਰਾ ਦੀ ਉਪਲਬਧੀ ਇਸ ਲਈ ਵੀ ਸਭ ਤੋਂ ਵੱਡੀ ਹੈ ਕਿਉਂਕਿ ਉਲੰਪਿਕ ਇਤਿਹਾਸ ਵਿੱਚ ਅੱਜ ਤੱਕ ਕੋਈ ਵੀ ਭਾਰਤੀ ਵਿਅਕਤੀਗਤ ਮੁਕਾਬਲੇ ਵਿੱਚ ਇਹ ਕਾਰਨਾਮਾ ਨਹੀਂ ਕਰ ਸਕਿਆ। ਭਾਰਤੀ ਹਾਕੀ ਟੀਮ ਨੇ 1928 ਵਿੱਚ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਸੀ। 1980 ਤੱਕ ਭਾਰਤੀ ਹਾਕੀ ਟੀਮ ਨੇ 8 ਸੋਨੇ ਦੇ ਤਮਗੇ ਹਾਸਲ ਕੀਤੇ ਸਨ। ਇਹ ਸੋਨੇ ਦੇ 8 ਤਮਗੇ ਇਕ ਟੀਮ ਦੇ ਰੂਪ ਵਿੱਚ ਸੀ ਨਾ ਕਿ ਵਿਅਕਤੀਗਤ ਤੌਰ ’ਤੇ ਹਾਸਲ ਕੀਤੇ ਗਏ ਸੀ। ਦੇਸ਼ ਭਰ ਵਿੱਚ ਮਨਾਈ ਦੀਵਾਲੀ ਇਹ ਦੱਸਣ ਦੇ ਲਈ ਕਾਫੀ ਹੈ ਕਿ ਜਦੋਂ ਵੀ ਕੋਈ ਅਜਿਹਾ ਪਲ ਆਉਂਦਾ ਹੈ, ਪੂਰੇ ਦੇਸ਼ ਨੂੰ ਇਕ ਹੋਣ ਵਿੱਚ ਚੰਦ ਪਲ ਹੀ ਲਗਦੇ ਹਨ। ਸੁੱਖ ਹੋਵੇ ਜਾਂ ਦੁੱਖ ਦੇਸ਼ ਦਾ ਇਸ ਪ੍ਰਕਾਰ ਇਕੱਠੇ ਹੋ ਜਾਣਾ ਸ਼ੁਭ ਸੰਕੇਤ ਹੈ। ਆਪਣੇ ਘਰ ਕੰਮ ਕਰਨ ਵਾਲੀ ਦੇ ਸਿਰ ਉਪਰ ਗੁਬਾਰੇ ਰੱਖ ਕੇ ਛਰਰੇ ਵਾਲੀ ਬੰਦੂਕ ਨਾਲ ਨਿਸ਼ਾਨਾ ਮਾਰਣ ਵਾਲੇ ਛੋਟੇ ਬੱਚੇ ਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ ਸੀ ਕਿ ਇਕ ਦਿਨ ਉਹੀ ਦੇਸ਼ ਦੇ ਮਾਣ ਸਨਮਾਨ ਨੂੰ 7ਵੇਂ ਅਸਮਾਨ ਤੱਕ ਲੈ ਜਾਏਗਾ। ਉਲੰਪਿਕ ਵਿੱਚ ਭਾਰਤ ਦੇ ਲਈ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਅਭਿਨਵ ਬਿੰਦਰਾ ਨੇ ਸਿਰਫ਼ ਇਤਿਹਾਸ ਹੀ ਨਹੀਂ ਰਚਿਆ, ਬਲਕਿ ਦੇਸ਼ ਨੂੰ ਮਾਣ, ਖੁਸ਼ੀ ਅਤੇ ਰੁਮਾਂਚ ਦੇ ਅਜਿਹੇ ਪਲ ਵੀ ਪ੍ਰਦਾਨ ਕੀਤੇ ਜੋ ਇਸ ਤੋਂ ਪਹਿਲੇ ਘੱਟ ਮੌਕਿਆਂ ਉਪਰ ਹੀ ਆਏ। ਅਭਿਨਵ ਨੇ ਸੱਚਮੁੱਚ ਆਪਣੇ ਨਾਂ ਨੂੰ ਸਾਰਥਕ ਕਰ ਦਿੱਤਾ। ਉਨ੍ਹਾਂ ਨੇ ਇਕ ਸੋਨ ਤਮਗੇ ਦੇ ਰੂਪ ਵਿੱਚ ਭਾਰਤ ਨੂੰ ਉਹ ਦਿੱਤਾ ਜੋ ਅਨਮੋਲ ਅਤੇ ਇਕ ਹੱਦ ਤੱਕ ਕਾਮਨਾ ਤੋਂ ਪਰੇ ਵਾਲੀ ਗੱਲ ਹੈ। ਇਸ ਨੌਜਵਾਨ ਨੇ ਇਕ ਅਜਿਹੇ ਸੁਪਨੇ ਨੂੰ ਸੱਚ ਕਰ ਦਿਖਾਇਆ ਜੋ ਪੀੜੀਆਂ ਤੋਂ ਦੇਖਿਆ ਜਾ ਰਿਹਾ ਸੀ। ਇਕ ਅਜਿਹੇ ਸਮੇਂ ਭਾਰਤ ਦੀ ਝੋਲੀ ਵਿੱਚ ਸੋਨ ਤਮਗਾ ਪਾਇਆ ਜਦੋਂ ਵੱਖ-ਵੱਖ ਖੇਡ ਮੁਕਾਬਲਿਆਂ ਤੋਂ ਚੰਗੀਆਂ ਖ਼ਬਰਾਂ ਨਹੀਂ ਆ ਰਹੀਆਂ ਸਨ। ਬਿੰਦਰਾ ਦੀ ਕਾਮਯਾਬੀ ਭਾਰਤੀ ਖੇਡ ਜਗਤ ਦੀ ਮਹਾਨਤਮ ਉਪਲਬਧੀਆਂ ਵਿੱਚੋਂ ਉਮੰਗ ਨਾਲ ਭਰ ਜਾਣਾ ਸੁਭਾਵਿਕ ਹੈ। ਦੇਸ਼ ਨੂੰ ਅਜਿਹੇ ਅਨਮੋਲ ਪਲ ਦੇਣ ਦੇ ਲਈ ਅਭਿਨਵ ਬਿੰਦਰਾ ਨੂੰ ਕੂਕ ਪੰਜਾਬੀ ਸਮਾਚਾਰ ਦੀ ਸਮੂਹ ਟੀਮ ਅਤੇ ਪਾਠਕਾਂ ਵੱਲੋਂ ਲੱਖ-ਲੱਖ ਵਧਾਈ। ਉਨ੍ਹਾਂ ਨੇ ਸਾਰੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੀ ਭਾਰਤੀਆਂ ਨੂੰ ਜਿਸ ਤਰ੍ਹਾਂ ਮਾਣ ਅਤੇ ਖੁਸ਼ੀ ਨਾਲ ਭਰ ਦਿੱਤਾ ਅਜਿਹਾ ਕੋਈ ਵਿਰਲੇ ਹੀ ਕੋਈ ਕਰ ਸਕਦਾ ਹੈ।
ਉਮੀਦ ਹੈ ਕਿ ਅਭਿਨਵ ਬਿੰਦਰਾ ਦੀ ਸਫਲਤਾ ਦੇਸ਼ ਦੀ ਨੌਜਵਾਨ ਪੀੜੀ ਨੂੰ ਵੱਖ-ਵੱਖ ਖੇਡਾਂ ਵਿੱਚ ਕੁੱਝ ਕਰ ਦਿਖਾਉਣ ਦੇ ਲਈ ਪ੍ਰੇਰਣਾ ਦਾ ਸਰੋਤ ਬਣੇਗੀ। ਸਿਰਫ਼ ਉਮੀਦ ਕਰਨ ਨਾਲ ਹੀ ਅਜਿਹੀ ਸੌਗਾਤ ਨਹੀਂ ਮਿਲਣ ਵਾਲੀ ਜੋ ਅਭਿਨਵ ਨੇ ਦੁਆਈ ਹੈ। ਇਸ ਲਈ ਸਖ਼ਤ ਮਿਹਨਤ ਅਤੇ ਸੋਚੀ ਸਮਝੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਕੇਂਦਰ ਅਤੇ ਰਾਜ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਖੇਡ ਸੰਗਠਨਾਂ ਨੂੰ ਉਮੀਦ ਕਰਨ ਦੇ ਨਾਲ-ਨਾਲ ਈਮਾਨਦਾਰੀ ਨਾਲ ਇਹ ਕੋਸ਼ਿਸ਼ ਵੀ ਕਰਨੀ ਹੋਵੇਗੀ ਕਿ ਦੇਸ਼ ਵਿੱਚ ਅਭਿਨਵ ਵਰਗਾ ਕ੍ਰਿਸ਼ਮਾ ਕਰਨ ਵਾਲੇ ਖਿਡਾਰੀਆਂ ਦੀ ਲਾਈਨ ਲੱਗੀ ਹੋਵੇ। ਇਕ ਅਰਬ ਤੋਂ ਵੱਧ ਦੀ ਆਬਾਦੀ ਵਾਲੇ ਦੇਸ਼ ਦੇ ਲਈ ਇਹ ਠੀਕ ਨਹੀਂ ਕਿ ਉਲੰਪਿਕ ਖੇਡਾਂ ਵਿੱਚ ਬਸ ਇਕ-ਦੋ ਤਮਗੇ ਹਾਸਲ ਕਰਕੇ ਖੁਸ਼ ਹੋ ਜਾਈਏ। ਕ੍ਰਿਕਟ ਦੇ ਜਨੂਨ ਵਿੱਚ ਡੁੱਬਣ ਵਾਲੇ ਭਾਰਤ ਨੂੰ ਇਹ ਸੋਨ ਤਮਗਾ ਜਗਾਉਣ ਦੇ ਲਈ ਕਾਫੀ ਹੈ। ਸਾਨੂੰ ਆਪਣੀਆਂ ਹੋਰ ਖੇਡਾਂ ਉਪਰ ਵੀ ਧਿਆਨ ਦੇਣਾ ਜ਼ਰੂਰੀ ਹੈ। ਇਹ ਸਹੀ ਸਮਾਂ ਹੈ ਜਦੋਂ ਅਭਿਨਵ ਬਿੰਦਰਾ ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਇਸ ਉਪਰ ਵੀ ਵਿਚਾਰ ਕੀਤਾ ਜਾਏ ਕਿ ਕੌਮਾਂਤਰੀ ਖੇਡ ਜਗਤ ਵਿੱਚ ਭਾਰਤ ਇਨ੍ਹਾਂ ਪਿੱਛੇ ਕਿਉਂ ਹੈ? ਸਮੂਹਿਕ, ਗੰਭੀਰ ਅਤੇ ਸਹੀ ਦਿਸ਼ਾ ਵਿੱਚ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਦੇਸ਼ ਵਿੱਚ ਲੁਕੀਆਂ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਵਿੱਚ ਦੇਰ ਨਹੀਂ ਲੱਗੇਗੀ। ਸਭ ਤੋਂ ਵੱਡੀ ਜ਼ਰੂਰਤ ਤਾਂ ਹੋਣੀ ਚਾਹੀਦੀ ਹੈ ਕਿ ਖੇਡ ਅਤੇ ਖੇਡ ਸੰਗਠਨਾਂ ਵਿੱਚੋਂ ਰਾਜਨੀਤੀ ਅਤੇ ਰਾਜਨੇਤਾਵਾਂ ਨੂੰ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਖੇਡਾਂ ਵਿੱਚ ਵੱਧ ਰਹੀ ਘੁੱਸਪੈਠ ਨੂੰ ਰੋਕਣ ਦੀ ਲੋੜ ਹੈ। ਤਾਂ ਜੋ ਖੇਡ ਸੰਗਠਨ ਸੁਤੰਤਰ ਤੌਰ ’ਤੇ ਆਪਣੀ ਕਾਰਗੁਜ਼ਾਰੀਆਂ ਨੂੰ ਅੰਜਾਮ ਦੇ ਸਕਣ ਅਤੇ ਅਭਿਨਵ ਬਿੰਦਰਾ ਵਰਗੇ ਚੰਗੇ ਖਿਡਾਰੀ ਸਾਹਮਣੇ ਆ ਸਕਣ। ਸਾਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ 100 ਕਰੋੜ ਤੋਂ ਵੱਧ ਦੀ ਅਬਾਦੀ ਵਾਲਾ ਸਾਡਾ ਦੇਸ਼ ਤਮਗਿਆਂ ਦੀ ਸੂਚੀ ਵਿੱਚ ਹੇਠੋਂ ਕੁੱਝ ਪੌੜੀਆਂ ਉਪਰ ਹੁੰਦਾ ਹੈ। ਦੇਖ ਕੇ ਦੁੱਖ ਹੁੰਦਾ ਜਦ ਛੋਟੇ-ਛੇਟੇ ਦੇਸ਼ 2-4 ਸੋਨੇ ਦੇ ਤਮਗੇ ਲੈ ਜਾਂਦੇ ਹਨ ਤੇ ਸਾਡਾ ਵੱਡੀ ਅਬਾਦੀ ਵਾਲਾ ਦੇਸ਼ ਮੂੰਹ ਤੱਕਦਾ ਰਹਿ ਜਾਂਦਾ ਹੈ। ਭਾਵੇਂ ਅਸੀਂ 2010 ਵਿੱਚ ‘ਰਾਸ਼ਟਰਮੰਡਲ ਖੇਡਾਂ’ ਦੀ ਮੇਜ਼ਬਾਨੀ ਕਰ ਰਹੇ ਹਾਂ ਪਰ ਹਾਲੇ ਸਾਡਾ ਖੇਡ ਅਤੇ ਮੈਦਾਨਾਂ ਦਾ ਢਾਂਚਾ ਹੀ ਤਿਆਰ ਨਹੀਂ ਹੈ। ਇਸ ਬਾਰੇ ਸਾਨੂੰ ਬਹੁਤ ਸੋਚ-ਵਿਚਾਰ ਕਰਨ ਦੀ ਲੋੜ ਹੈ। ਅਭਿਨਵ ਦੀ ਕਾਮਯਾਬੀ ਪਿੱਛੇ ਭਾਰਤ ਸਰਕਾਰ ਦਾ ਇਨ੍ਹਾਂ ਹੱਥ ਨਹੀਂ ਜਿਨ੍ਹਾਂ ਉਨ੍ਹਾਂ ਦੇ ਪਰਿਵਾਰ ਅਤੇ ਕੋਚਾਂ ਦਾ ਹੱਥ ਹੈ। ਜਿਨ੍ਹਾਂ ਦੀ ਬਦੌਲਤ ਅਭਿਨਵ ਇਸ ਉਲੰਪਿਕ ਵਿੱਚ ਸੋਨ ਤਮਗਾ ਜਿੱਤਣ ਦਾ ਮਾਣ ਹਾਸਲ ਕਰ ਸਕਿਆ ਹੈ। ਇਸ ਕਾਮਯਾਬੀ ਦੇ ਪਿੱਛੇ ਉਸ ਦੀ ਆਪਣੀ ਸਿਰ ਤੌੜ ਮਿਹਨਤ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ। ਅਸੀਂ ਅਭਿਨਵ ਦੀ ਇਸ ਕਾਮਯਾਬੀ ਨੂੰ ਨਮਸਕਾਰ ਕਰਦੇ ਹਾਂ ਅਤੇ ਭਵਿੱਖ ਵਿੱਚ ਇਸ ਤੋਂ ਵੀ ਵੱਧ ਹੋਰ ਕਾਮਯਾਬੀ ਕਰਨ ਦੀ ਕਾਮਨਾ ਕਰਦੇ ਹਾਂ।
-ਅਮਰਜੀਤ ਸਿੰਘ, ਰੈਜ਼ੀਡੈਂਟ ਐਡੀਟਰ (ਇੰਡੀਆ)
|