ਸ. ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਕਿ ਉਹ ਇਕ ਅਜਿਹੀ ਖੇਡ ਨੀਤੀ ਤਿਆਰ ਕਰਵਾਉਣ ਜਿਸ ਨਾਲ ਪੰਜਾਬ ਦੇ ਹੋਰ ਖਿਡਾਰੀ ਤੇ ਐਥਲੀਟ ਅਜਿਹੀਆਂ ਮੱਲਾਂ ਮਾਰਨ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰਨ। ਇਸ ਸਨਮਾਨ ਸਮਾਗਮ ਮੌਕੇ ਪੰਜਾਬ ਦੇ ਖੇਡ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ, ਮਨੋਰੰਜਨ ਕਾਲੀਆ, ਕੈਪਟਨ ਕੰਵਲਜੀਤ ਸਿੰਘ, ਮਾਸਟਰ ਮੋਹਨ ਲਾਲ, ਹੀਰਾ ਸਿੰਘ ਗਾਬੜੀਆਂ, ਮੁੱਖ ਪਾਰਲੀਮਾਨੀ ਸਕੱਤਰ ਮਹਿੰਦਰ ਕੌਰ ਜੋਸ਼, ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਪ੍ਰਿੰਸੀਪਲ ਸਕੱਤਰ ਖੇਡਾਂ ਆਰ. ਪੀ. ਐਸ. ਪਵਾਰ, ਡੀ. ਐਸ. ਗੁਰੂ ਅਤੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਡਾਇਰੈਕਟਰ ਖੇਡ ਵਿਭਾਗ ਪਰਗਟ ਸਿੰਘ, ਕਾਂਗਰਸੀ ਆਗੂ ਚੌਧਰੀ ਦਰਸ਼ਨ ਸਿੰਘ, ਨਾਮਵਰ ਦੌੜਾਕ ਮਿਲਖਾ ਸਿੰਘ, ਅਭਿਨਵ ਬਿੰਦਰਾ ਡਾਕਟਰ ਅਮਿਤ ਭੱਟਾਚਾਰੀਆ, ਡੀ. ਜੀ. ਪੀ. ਰਾਜਦੀਪ ਸਿੰਘ ਗਿੱਲ ਅਤੇ ਹਾਕੀ ਉਲੰਪੀਅਨ ਬਲਬੀਰ ਸਿੰਘ ਹਾਜ਼ਰ ਸਨ।
ਸੋਨੇ ਦੇ ਨਹੀਂ ਚਾਂਦੀ ਦੇ ਬਣੇ ਹੋਏ ਨੇ ਤਗਮੇ
ਬੀਜਿੰਗ - ਬੀਜਿੰਗ ਉਲੰਪਿਕ ਵਿੱਚ ਜਿਹੜੇ ਸੋਨੇ ਦੇ ਤਗਮੇ ਆਪਣੇ-ਆਪਣੇ ਮੁਕਾਬਲੇ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਹਨ, ਉਹ ਸੋਨੇ ਦੇ ਨਹੀਂ ਬੱਲਕੇ ਚਾਂਦੀ ਦੇ ਬਣੇ ਹੋਏ ਹਨ। ਬੀਜਿੰਗ ਉਲੰਪਿਕ ਖੇਡਾਂ ਦੀ ਪ੍ਰਬੰਧਕ ਕਮੇਟੀ ਨੇ ਇਹ ਖੁਲਾਸਾ ਕਰਦੇ ਹੋਏ ਕਿਹਾ ਕਿ ਇਸ ਸੋਨੇ ’ਚ ਛੇ ਫੀਸਦੀ ਹੀ ਸ਼ੁੱਧ ਸੋਨਾ ਹੈ ਅਤੇ ਬਾਕੀ ਸਾਰੀ ਧਾਤ ਚਾਂਦੀ ਹੈ। ਵਾਂਗ ਨੇ ਇੰਨਾਂ ਅਟਕਲਾਂ ਤੋਂ ਇਨਕਾਰ ਕੀਤਾ ਕਿ ਤਗਮਿਆਂ ’ਚ ਸ਼ੀਸ਼ੇ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਗਮੇ ਤਿਆਰ ਕਰਨ ਲਈ ਕੱਚਾ ਮਾਲ ਆਸਟਰੇਲੀਆ ਤੋਂ ਮੰਗਵਾਇਆ ਗਿਆ ਹੈ।
ਢੀਂਡਸਾ ਨੇ ਬਿੰਦਰਾ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਮੰਗ ਚੁੱਕੀ
ਬੀਜਿੰਗ - ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਖੇਡ ਮੰਤਰੀ ਤੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਮੰਗ ਚੱਕੀ ਕੇ 29ਵੀਆਂ ਬੀਜਿੰਗ ਉਲੰਪਿਕ ਖੇਡਾਂ ਦੀ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ 28 ਸਾਲਾਂ ਬਾਅਦ ਤੇ 80 ਸਾਲਾਂ ’ਚ ਵਿਅਕਤੀਗਤ ਮੁਕਾਬਲੇ ਵਿੱਚ ਪਿਹਲੀ ਵਾਰ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਅਭਿਨਵ ਬਿੰਦਰਾ ਨੂੰ ਭਾਰਤ ਸਰਕਾਰ ਵੱਲੋਂ ‘ਭਾਰਤ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਬਿੰਦਰਾਂ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂਅ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ ਤੇ ਪੰਜਾਬੀਆਂ ਦਾ ਵੀ ਸਿਰ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ। ਸ: ਢੀਂਡਸਾ ਨੇ ਕਿਹਾ ਕਿ ਅਭਿਨਵ ਬਿੰਦਰਾ ਨੂੰ ਹੁਣ ਤੱਕ 2000 ਵਿੱਚ ‘ਅਰਜੁਨ’ ਐਵਾਰਡ ਤੇ 2001 ਦੇ ਵਿੱਚ ‘ਰਾਜੀਵ ਗਾਂਧੀ ਖੇਡ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੁਣ ਭਾਰਤ ਸਰਕਾਰ ਨੂੰ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਨੂੰ ਮੁੱਖ ਰੱਖਦਿਆਂ ‘ਭਾਰਤ ਰਤਨ’ ਐਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਮੰਗ ਦੀ ਹਮਾਇਤ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਨੇ ਵੀ ਕੀਤੀ।
ਮੁੱਕੇਬਾਜ਼ ਅਖਿਲ ਦਾ ਹਾਰ ਨਾਲ ਤਮਗੇ ਦਾ ਸੁਪਨਾ ਟੁੱਟਿਆ
ਬੀਜਿੰਗ - ਭਾਰਤ ਉਲੰਪਿਕ ਵਿਚ ਮੁੱਕੇਬਾਜ਼ੀ ਦੇ ਕੁਆਟਰ ਫ਼ਾਈਨਲ ਮੁਕਾਬਲਿਆਂ ਵਿੱਚ ਮੋਲਦੋਵਾ ਦੇ ਮੁੱਕੇਬਾਜ਼ ਤੋਂ ਵੱਡੇ ਅੰਤਰ ਨਾਲ ਹਾਰ ਕੇ ਉਲੰਪਿਕ ਤੋਂ ਬਾਹਰ ਹੋ ਗਿਆ। ਇੱਥੇ ਹੋਏ ਕੁਆਟਰ ਫ਼ਾਈਨਲ ਵਿੱਚ ਭਾਰਤ ਦੇ ਅਖਿਲ ਨੂੰ ਮੋਲਦੋਵਾ ਦੇ ਮੁੱਕੇਬਾਜ਼ ਵੈਸਸਲੇ ਗੋਜ਼ਨ ਨੇ 10-3 ਨਾਲ ਹਰਾ ਦਿੱਤਾ।
ਦੋਵੇਂ ਮੁੱਕੇਬਾਜ਼ ਪਹਿਲੇ ਦੌਰ ’ਚ 1-1 ਅਤੇ ਦੂਜੇ ਦੌਰ ’ਚ 2-2 ਨਾਲ ਬਰਾਬਰ ਰਹੇ ਪਰ ਤੀਜਾ ਦੌਰ ਅਖਿਲ ਲਈ ਭਾਰੀ ਸਾਬਤ ਹੋਇਆ। ਇਸ ਤੋਂ ਬਾਅਦ ਚੌਥੇ ਦੌਰ ਵਿੱਚ ਤਾਂ ਅਖਿਲ ਨੇ ਪੂਰੀ ਤਰ੍ਹਾਂ ਗੋਜ਼ਨ ਮੂਹਰੇ ਹਾਰ ਮੰਨ ਲਈ। ਜਦ ਕਿ ਅਖਿਲ ਪਾਸੋਂ ਭਾਰਤ ਲਈ ਇਕ ਹੋਰ ਤਮਗੇ ਦੀ ਆਸ ਸੀ। ਅਖਿਲ ਦੀ ਹਾਰ ਨੂੰ ਉਸ ਦੇ ਵਿਰੋਧੀ ਮੁਕੱਬਾਜ਼ ਵਲੋਂ ਅਪਣਾਏ ਹਮਲਾਵਰ ਰਵੀਏ ਕਰਕੇ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੋਏ ਪ੍ਰੀ ਕੁਆਟਰ ਫ਼ਾਈਨਲ ਵਿੱਚ ਅਖਿਲ ਨੇ ਵਰਲਡ ਚੈਂਪੀਅਨ ਨੂੰ 9-9 ਦੀ ਬਰਾਬਰੀ ’ਤੇ ਲਿਆ ਕੇ ਜਿਊਰੀ ਵੱਲੋਂ ਦਿੱਤੇ ਫੈਸਲੇ ਰਾਹੀ ਹਰਾਇਆ ਸੀ। ਜਿਸ ਕਰਕੇ ਅਖਿਲ ਪਾਸੋਂ ਦੇਸ਼ ਨੂੰ ਤਮਗੇ ਦੀ ਆਸ ਬੱਝੀ ਸੀ।
8 ਸੋਨ ਤਮਗਿਆਂ ਨਾਲ ਅਮਰੀਕੀ ਤੈਰਾਕ ਫੇਲਪਸ ਨੇ ਰਚਿਆ ਇਤਿਹਾਸ
ਬੀਜਿੰਗ - ਅਮਰੀਕਾ ਦੇ ਮਸ਼ਹੂਰ ਤੈਰਾਕ ਮਾਈਕਲ ਫੇਲਪਸ ਨੇ ਨਵਾਂ ਇਤਿਹਾਸ ਸਿਰਜਦਿਆਂ ਹੋਇਆ ਮਰਦਾਂ ਦੀ 4ਯ100 ਮਿਡਲੇਅ ਰਿਲੇਅ ਦੌੜ ਜਿੱਤ ਕੇ ਬੀਜਿੰਗ ਉਲੰਪਿਕ ਦਾ 8ਵਾਂ ਸੋਨ ਤਮਗਾ ਆਪਣੇ ਨਾਂਅ ਕੀਤਾ। ਇਸ ਤਰ੍ਹਾਂ ਫੇਲਪਸ ਨੇ ਇਕ ਉਲੰਪਿਕ ’ਚ 7 ਸੋਨ ਤਗਮੇ ਜਿੱਤਣ ਦੇ ਅਮਰੀਕਾ ਦੇ ਹੀ ਤੈਰਾਕ ਮਾਰਕ ਸਪਿਜ਼ ਦਾ ਸਾਲ 1972 ਦੀਆਂ ਮਿਊਨਿਖ ਉਲੰਪਿਕਸ ’ਚ ਬਣਾਇਆ ਰਿਕਾਰਡ ਤੋੜ ਦਿੱਤਾ।
ਫੇਲਪਸ ਵੱਲੋਂ ਜਿੱਤੇ ਹੁਣ ਤੱਕ ਦੇ ਉਲੰਪਿਕ ਸੋਨ ਤਗਮਿਆਂ ਦੀ ਗਿਣਤੀ ਹੁਣ 14 ਹੋ ਗਈ ਹੈ। ਉਸ ਨੇ ਸਾਲ 2004 ਦੀਆਂ ਏਥਨਜ਼ ਉਲੰਪਿਕਸ ’ਚ ਵੀ 6 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ ਸਨ। ਅਮਰੀਕੀ ਟੀਮ ਨੇ 4ਯ100 ਮੀਟਰ ਦੌੜ 3.29.34 ਸਕਿੰਟ ’ਚ ਜਿੱਤ ਕੇ ਸਾਲ 2004 ’ਚ 3.30.68 ਸਕਿੰਟ ਨਾਲ ਬਣੇ ਰਿਕਾਰਡ ਨੂੰ ਤੋੜ ਦਿੱਤਾ। ਇਸ ਦੌੜ ’ਚ ਆਸਟਰੇਲੀਆ ਟੀਮ ਨੇ ਚਾਂਦੀ ਅਤੇ ਜਾਪਾਨ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਫੇਲਪਸ ਵੱਲੋਂ ਜਿੱਤੇ 8 ਸੋਨ ਤਮਗਿਆਂ ’ਚ 7 ਨਵੇਂ ਰਿਕਾਰਡ ਵੀ ਬਣਾਏ ਗਏ ਹਨ।
ਸੁਸ਼ੀਲ ਨੇ ਭਾਰਤ ਲਈ ਕਾਂਸੇ ਦਾ ਤਮਗਾ ਜਿੱਤਿਆ
ਬੀਜਿੰਗ - ਅਭਿਨਵ ਬਿੰਦਰਾ ਨੇ ਬੀਜਿੰਗ ਉਲੰਪਿਕ 2008 ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਨੂੰ ਅਜੇ ਖੁਸ਼ੀ ਵਿੱਚ ਪੂਰੀ ਤਰ੍ਹਾਂ ਡੁੱਬਣ ਵੀ ਨਹੀਂ ਦਿੱਤਾ ਕਿ ਸੁਸ਼ੀਲ ਕੁਮਾਰ ਨੇ ਇਤਿਹਾਸ ਦੁਹਰਾਉਂਦੇ ਹੋਏ ਕਾਂਸੇ ਦਾ ਤਮਗਾ ਜਿੱਤ ਕੇ ਇਸ ਖੁਸ਼ੀ ਨੂੰ ਦੁਗਣਾ ਕਰ ਦਿੱਤਾ। ਉਨ੍ਹਾਂ ਨੇ ਕਜਾਕਿਸਤਾਨ ਦੇ ਲਿਓਲਿਡ ਸਿਪਰੀਦਨੋਵ ਨੂੰ 66 ਕਿਲੋਗ੍ਰਾਮ ਭਾਰ ਦੇ ਫ੍ਰੀਸਟਾਈਲ ਮੁਕਾਬਲੇ ਵਿੱਚ ਹਰਾਇਆ। ਭਾਰਤ ਵੱਲੋਂ ਇਸ ਤੋਂ ਪਹਿਲੇ ਕੁਸ਼ਤੀ ਵਿੱਚ ਕਾਂਸੇ ਦਾ ਤਮਗਾ ਕੇਡੀ ਜਾਦਵ ਨੇ 1952 ਵਿੱਚ ਹੈਲੰਸਿਕੀ ਉਲੰਪਿਕ ਵਿੱਚ ਜਿੱਤਿਆ ਸੀ।
ਇਸ ਦੇ ਨਾਲ 29ਵੇਂ ਉਲੰਪਿਕ ਵਿੱਚ ਭਾਰਤ ਦੀ ਤਮਗਿਆਂ ਦੀ ਗਿਣਤੀ ਇਕ ਸੋਨ ਅਤੇ ਇਕ ਤਾਂਬੇ ਸਮੇਤ 2 ਹੋ ਗਈ ਹੈ। ਸੁਸ਼ੀਲ ਨੇ ਭਾਰਤ ਨੂੰ ਸਾਢੇ 5 ਦਹਾਕੇ ਬਾਅਦ ਕੁਸ਼ਤੀ ਵਿੱਚ ਤਮਗਾ ਦੁਆਇਆ ਹੈ। ਇਸ ਤੋਂ ਪਹਿਲਾਂ ਕੇਡੀ ਯਾਦਵ ਨੇ 56 ਸਾਲ ਪਹਿਲਾਂ ਹੈਲੰਸਿਕੀ ਉਲੰਪਿਕ ਵਿੱਚ ਭਾਰਤ ਨੂੰ ਕੁਸ਼ਤੀ ਵਿੱਚ ਤਾਂਬੇ ਦੇ ਰੂਪ ਇਕੱਲਾ ਤਮਗਾ ਦੁਆਇਆ ਸੀ। ਇਹੀ ਨਹੀਂ ਭਾਰਤ ਦੇ ਮੁੱਕੇਬਾਜ਼ ਵਜਿੰਦਰ ਕੁਮਾਰ ਨੇ ਵੀ ਭਾਰਤ ਲਈ ਤਮਗਾ ਪੱਕਾ ਕਰ ਲਿਆ ਹੈ। ਉਹ ਭਾਵੇਂ ਸੋਨੇ, ਚਾਂਦੀ ਜਾਂ ਕਾਂਸੇ ਦਾ ਹੋ ਸਕਦਾ ਹੈ।
ਮੁਕਾਬਲੇ ਵਿੱਚ ਦੋ ਫਾਈਨਲਿਸਟਾ ਤੋਂ ਹਾਰਨ ਵਾਲੇ ਸੁਸ਼ੀਲ ਅਤੇ ਸਪਿਰਿਦੋਨੋਵ ਦੇ ਵਿੱਚ ਕਾਂਸੇ ਦੇ ਤਮਗੇ ਦੇ ਲਈ ਮੁਕਾਬਲਾ ਹੋਇਆ ਸੀ ਜਿਸ ਵਿੱਚ ਭਾਰਤੀ ਪਹਿਲਵਾਨ ਨੇ ਬਾਜ਼ੀ ਮਾਰ ਲਈ। ਰਾਸ਼ਟਰਪਤੀ ਪ੍ਰਤਿਭਾ ਪਾਟੇਲ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੁਸ਼ੀਲ ਦੀ ਇਸ ਉਪਲਬਧੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸੁਸ਼ੀਲ ਨੂੰ 55 ਲੱਖ ਰੁਪਏ ਦਾ ਇਨਾਮ ਦੇਣ ਤੇ ਟਿਕਟ ਇੰਸਪੈਕਟਰ ਤੋਂ ਸਹਾਇਕ ਵਾਣਿਜੇ ਪ੍ਰਬੰਧਕ ਬਣਾਉਣ ਦਾ ਵੀ ਐਲਾਨ ਕੀਤਾ। ਉਥੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਨਜਫਗੜ ਦੇ ਨਵੇਂ ਸੁਲਤਾਨ ਸੁਸ਼ੀਲ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ‘ਸੁਸ਼ੀਲ ਦੇ ਟ੍ਰੇਨਰ ਅਤੇ ਦਿੱਲੀ ਸਰਕਾਰ ਦੇ ਖੇਡ ਵਿਭਾਗ ਵਿੱਚ ਕੰਮ ਕਰ ਰਹੇ ਪਹਿਲਵਾਨ ਸਤਪਾਲ ਦੀ ਵੀ ਸਮੇਂ ਤੋਂ ਪਹਿਲੇ ਅਹੁਦੇ ਵਿੱਚ ਤਰੱਕੀ ਕਰ ਦਿੱਤੀ ਜਾਏਗੀ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਮੁੰਡਾ ਦਿੱਲੀ ਦੇ ਪੇਂਡੂ ਇਲਾਕੇ ਤੋਂ ਆਉਂਦਾ ਹੈ ਅਤੇ ਉਸ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਜਿਸ ਨਾਲ ਸਾਨੂੰ ਉਸ ਉਪਰ ਜ਼ਿਆਦਾ ਮਾਣ ਹੈ। ਇਸ ਵਿੱਚ ਖੇਡ ਮੰਤਰੀ ਨੇ ਸੁਸ਼ੀਲ ਨੂੰ 20 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਹਰਿਆਣਾ ਸਰਕਾਰ ਨੇ ਸੁਸ਼ੀਲ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਬੋਲਟ ਨੇ ਬਣਾਇਆ ਨਵਾਂ ਰਿਕਾਰਡ
ਬੀਜਿੰਗ - ਬੀਜਿੰਗ ਉਲੰਪਿਕ ਵਿੱਚ ਜਮੈਕਾ ਦੇ 21 ਸਾਲਾ ਉਸੈਨ ਬੋਲਟ ਨੇ ਯਾਦਗਾਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। 24 ਸਾਲ ਬਾਅਦ ਬੋਲਟ ਨੇ 100 ਅਤੇ 200 ਮੀਟਰ ਮੁਕਾਬਲਾ ਜਿੱਤਣ ਵਾਲੇ ਪਹਿਲੇ ਧਾਵਕ ਦਾ ਹੱਕ ਹਾਸਲ ਕੀਤਾ ਹੈ। ਉਨ੍ਹਾਂ ਨੇ ਪਹਿਲੇ 100 ਮੀਟਰ ਫਰਾਟਾ ਦੌੜ ਅਤੇ ਫਿਰ 200 ਮੀਟਰ ਦੌੜ ਵਿੱਚ ਵਿਸ਼ਵ ਰਿਕਾਰਡ ਦੇ ਨਾਲ ਜਿੱਤ ਲਿਆ। 100 ਮੀਟਰ ਦੀ ਦੌੜ ਵਿੱਚ ਪਹਿਲੇ ਹੀ ਵਿਸ਼ਵ ਰਿਕਾਰਡ ਦੇ ਨਾਲ ਜਿੱਤ ਚੁੱਕੇ ਦੁਨੀਆ ਦੇ ਇਸ ਸਭ ਤੋਂ ਤੇਜ਼ ਧਾਵਕ ਨੇ 200 ਮੀਟਰ ਵਿੱਚ ਵੀ ਰਿਕਾਰਡ ਸਮੇਂ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। 1984 ਵਿੱਚ ਅਮਰੀਕਾ ਦੇ ਕਾਰਲ ਲੁਈਸ ਤੋਂ ਬਾਅਦ ਫਰਾਟਾ ਡਬਲ ਰਿਕਾਰਡ ਬਨਾਉਣ ਵਾਲੇ ਬੋਲਟ ਪਹਿਲੇ ਧਾਵਕ ਹਨ। ਉਨ੍ਹਾਂ ਨੇ 200 ਮੀਟਰ ਵਿੱਚ 19.30 ਸੈਕੰਡ ਦਾ ਸਮਾਂ ਕੱਢਿਆ। ਚੁਰੁੰਡੀ ਮਾਰਟਿਨ 19.82 ਸਮੇਂ ਦੇ ਨਾਲ ਚਾਂਦੀ ਅਤੇ ਅਮਰੀਕਾ ਦੇ ਸ਼ਾਨ ਕ੍ਰਾਫੋਡ ਤੀਜੇ ਥਾਂ ਉਪਰ ਰਹਿ ਕੇ ਕਾਂਸੇ ਦਾ ਤਮਗਾ ਜਿੱਤਣ ਵਿੱਚ ਸਫਲ ਰਹੇ।
ਖਬਰ ਲਿਖੇ ਜਾਣ ਤੱਕ ਚੀਨ 45 ਸੋਨ ਸਮੇਤ 79 ਤਮਗਿਆਂ ਦੇ ਨਾਲ ਪਹਿਲੇ ਥਾਂ ਉਪਰ ਬਣਿਆ ਹੋਇਆ ਹੈ। ਅਮਰੀਕਾ ਨੇ 26 ਸੋਨ ਜਿੱਤੇ ਹਨ ਜਦੋਂ ਕਿ ਉਸ ਦੇ ਕੁਲ ਤਮਗਿਆਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ। ਬ੍ਰਿਟੇਨ 16 ਸੋਨ ਦੇ ਨਾਲ ਤੀਜੇ ਅਤੇ ਰੂਸ 13 ਸੋਨ ਤਮਗਿਆ ਨਾਲ ਚੌਥੇ ਥਾਂ ਉਪਰ ਬਣਿਆ ਹੋਇਆ ਹੈ।
|